ਪਾਕਿ ਸਰਕਾਰ ਦੀ ਕੋਰੋਨਾ ਟੀਕੇ ਖਰੀਦਣ ਦੀ ਯੋਜਨਾ ਨਹੀਂ, ਦਾਨ ''ਚ ਮਿਲਣ ਦਾ ਇੰਤਜ਼ਾਰ
Friday, Mar 05, 2021 - 04:56 PM (IST)
ਇਸਲਾਮਾਬਾਦ (ਭਾਸ਼ਾ): ਨੇੜਲੇ ਭਵਿੱਖ ਵਿਚ ਪਾਕਿਸਤਾਨ ਦੀ ਯੋਜਨਾ ਕੋਰੋਨਾ ਟੀਕੇ ਖਰੀਦਣ ਦੀ ਨਹੀਂ ਹੈ ਕਿਉਂਕਿ ਉਸ ਦਾ ਉਦੇਸ਼ ਸਮੂਹਿਕ ਰੋਗ ਪ੍ਰਤੀਰੋਧਕ ਸਮਰੱਥਾ (ਹਰਡ ਇਮਿਊਨਿਟੀ) ਅਤੇ ਚੀਨ ਜਿਹੇ ਦੋਸਤ ਦੇਸ਼ਾਂ ਤੋਂ ਦਾਨ ਕੀਤੇ ਗਏ ਟੀਕਿਆਂ ਜ਼ਰੀਏ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ਦੀ ਹੈ। ਪਾਕਿਸਤਾਨ ਨੇ ਹੁਣ ਤੱਕ ਚਾਰ ਟੀਕਿਆਂ ਸਿਨੋਫਾਰਮ (ਚੀਨ), ਕੈਨਸਿਨੋ ਬਾਇਓ (ਚੀਨ), ਆਕਸਫੋਰਡ-ਐਸਟ੍ਰਾਜ਼ੇਨੇਕਾ (ਯੂਕੇ) ਅਤੇ ਸਪੂਤਨਿਕ-ਵੀ (ਰੂਸ) ਦੀ ਰਜਿਸਟ੍ਰੇਸ਼ਨ ਕੀਤੀ ਹੈ।
ਡਾਨ ਅਖ਼ਬਾਰ ਦੀ ਇਕ ਖ਼ਬਰ ਮੁਤਾਬਕ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੇ ਸਕੱਤਰ ਆਮਿਰ ਅਸ਼ਰਫ ਖਵਾਜ਼ਾ ਨੇ ਵੀਰਵਾਰ ਨੂੰ ਲੋਕ ਲੇਖਾ ਕਮੇਟੀ (ਪੀ.ਏ.ਸੀ.) ਨੂੰ ਦੱਸਿਆ ਕਿ ਪਾਕਿਸਤਾਨ ਸਰਕਾਰ ਦੀ ਜਲਦ ਤੋਂ ਜਲਦ ਟੀਕਾ ਖਰੀਦਣ ਦੀ ਕੋਈ ਯੋਜਨਾ ਨਹੀਂ ਹੈ। ਉਸ ਦਾ ਉਦੇਸ਼ ਕੋਵਿਡ-19 ਤੋਂ ਹਰਡ ਇਮਿਊਨਿਟੀ ਅਤੇ ਦਾਨ ਕੀਤੇ ਗਏ ਟੀਕਿਆਂ ਜ਼ਰੀਏ ਹੀ ਨਜਿੱਠਣ ਦੀ ਹੈ। ਰਾਸ਼ਟਰੀ ਸਿਹਤ ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਮੇਜਰ ਜਨਰਲ ਆਮਿਰ ਆਮੇਰ ਇਰਰਾਮ ਮੁਤਾਬਕ ਚੀਨ ਦੇ ਟੀਕੇ ਕੈਨਸਿਨੋ ਦੀ ਇਕ ਖੁਰਾਕ ਦੀ ਕੀਮਤ 13 ਅਮਰੀਕੀ ਡਾਲਰ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਅੰਤਰਰਾਸ਼ਟਰੀ ਦਾਨੀਆਂ ਅਤੇ ਚੀਨ ਜਿਹੇ ਦੋਸਤ ਦੇਸ਼ਂ 'ਤੇ ਭਰੋਸਾ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਤਾਲਾਬੰਦੀ 'ਚ ਢਿੱਲ
ਐੱਨ.ਐੱਚ.ਐੱਸ. ਦੇ ਸਕੱਤਰ ਨੇ ਪੀ.ਏ.ਸੀ. ਨੂੰ ਦੱਸਿਆ ਕਿ ਦੂਜੇ ਪੜਾਅ ਵਿਚ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਚ ਕੰਮ ਕਰਨ ਵਾਲੇ ਸਿਹਤ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ 65 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕ ਵੀ ਟੀਕਾਕਰਨ ਲਈ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਇਸ ਸਾਲ 7 ਕਰੋੜ ਲੋਕਾਂ ਦਾ ਟੀਕਾਕਰਨ ਕਰਨ ਦੀ ਯੋਜਨਾ ਬਣਾਈ ਹੈ। ਪੀ.ਏ.ਸੀ. ਦੇ ਪ੍ਰਧਾਨ ਰਾਣਾ ਤਨਵੀਰ ਹੁਸੈਨ ਦੇ ਇਕ ਸਵਾਲ ਦੇ ਜਵਾਬ ਵਿਚ ਐੱਨ.ਐੱਚ.ਐੱਸ. ਦੇ ਸਕੱਤਰ ਨੇ ਕਿਹਾ ਕਿ ਪਾਕਿਸਤਾਨ ਨੂੰ ਮਾਰਚ ਦੇ ਮੱਧ ਤੱਕ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਗਏ ਐਸਟ੍ਰਾਜ਼ੇਨੇਕਾ ਟੀਕੇ ਦੀ ਪਹਿਲੀ ਖੇਪ ਮਿਲੇਗੀ ਅਤੇ ਬਾਕੀ ਦੇ ਜੂਨ ਤੱਕ ਦੇਸ਼ ਵਿਚ ਆਉਣ ਦੀ ਆਸ ਹੈ।
ਉਹਨਾਂ ਮੁਤਾਬਕ ਬਜ਼ੁਰਗ ਲੋਕਾਂ ਦਾ ਟੀਕਾਕਰਨ 5 ਮਾਰਚ ਤੱਕ ਸ਼ੁਰੂ ਹੋਣ ਵਾਲਾ ਸੀ ਭਾਵੇਂਕਿ ਖੇਪ ਆਉਣ ਵਿਚ ਦੇਰੀ ਹੋਈ। ਉਹਨਾਂ ਨੇ ਕਿਹਾ ਕਿ ਇਕ ਹੋਰ ਚੀਨੀ ਕੰਪਨੀ ਨੇ ਪਾਕਿਸਤਾਨ ਵਿਚ ਕੈਨਸਿਨੋ ਟੀਕੇ ਦੇ ਤੀਜੇ ਪੜਾਅ ਦਾ ਪਰੀਖਣ ਕੀਤਾ ਸੀ। ਉਹਨਾਂ ਨੇ ਕਿਹਾ ਕਿ ਇਸ ਵਿਚ ਕੁੱਲ 18 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ ਗਿਆ ਅਤੇ ਟੀਕੇ ਦੇ ਪ੍ਰਭਾਵੀ ਹੋਣ ਦੀ ਦਰ 85 ਫੀਸਦੀ ਰਹੀ। ਪਾਕਿਸਤਾਨ ਵਿਚ ਪਿਛਲੇ 24 ਘੰਟੇ ਵਿਚ ਕੋਵਿਡ-19 ਨਾਲ 52 ਹੋਰ ਲੋਕਾਂ ਦੀ ਮੌਤ ਹੋ ਗਈ ਜਦਕਿ ਮਾਮਲਿਆਂ ਦੀ ਕੁੱਲ ਗਿਣਤੀ ਵੱਧ ਕੇ 5,87,014 ਪਹੁੰਚ ਗਈ। ਸ਼ੁੱਕਰਵਾਰ ਨੂੰ ਦੇਸ਼ ਵਿਚ ਇਸ ਮਹਾਮਾਰੀ ਨਾਲ ਮ੍ਰਿਤਕਾਂ ਦੀ ਗਿਣਤੀ 13,128 ਹੋ ਗਈ।ਰਾਸ਼ਟਰੀ ਕਮਾਂਡ ਅਤੇ ਮੁਹਿੰਮ ਕੇਂਦਰ (ਐੱਨ.ਸੀ.ਓ.ਸੀ.) ਦੇ ਨਵੇਂ ਅੰਕੜਿਆਂ ਮੁਤਾਬਕ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਨਾਲ 1,579 ਲੋਕ ਪੀੜਤ ਪਾਏ ਗਏ ਹਨ।
ਨੋਟ- ਪਾਕਿ ਸਰਕਾਰ ਦੀ ਕੋਰੋਨਾ ਟੀਕੇ ਖਰੀਦਣ ਦੀ ਯੋਜਨਾ ਨਹੀਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।