ਪਾਕਿ ਨੇ ਟੀ.ਟੀ.ਪੀ. ਸਰਗਨਾ ਮੁੱਲਾ ਫਜ਼ਲੁੱਲਾ ਦੇ ਮਾਰੇ ਜਾਣ ਦੀ ਕੀਤੀ ਪੁਸ਼ਟੀ
Thursday, Jun 21, 2018 - 10:36 PM (IST)

ਇਸਲਾਮਾਬਾਦ— ਪਾਕਿਸਤਾਨ ਨੇ ਪੁਸ਼ਟੀ ਕੀਤੀ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਸਰਗਨਾ ਮੁੱਲਾ ਫਜ਼ਲੁੱਲਾ ਅਫਗਾਨਿਸਤਾਨ ਦੇ ਕੁਨਾਰ ਸੂਬੇ 'ਚ ਮਾਰਿਆ ਗਿਆ ਹੈ। ਉਸ ਨੇ ਇਸ ਨੂੰ ਮਹੱਤਵਪੂਰਣ ਘਟਨਾਕ੍ਰਮ ਦੱਸਿਆ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਦੱਸਿਆ ਕਿ ਆਪਣੀ ਹਫਤਾਵਾਰ ਮੀਡੀਆ ਬ੍ਰੀਫਿੰਗ 'ਚ ਕਿਹਾ, 'ਹਾਂ, ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ।' ਫਜ਼ਲੁੱਲਾ ਦੇ ਮਾਰੇ ਜਾਣ ਬਾਰੇ ਪਾਕਿਸਤਾਨ ਵੱਲੋਂ ਇਹ ਪਹਿਲੀ ਅਧਿਕਾਰਕ ਪੁਸ਼ਟੀ ਹੈ।
ਅਫਗਾਨਿਸਤਾਨ 'ਚ ਅਮਰੀਕੀ ਬਲਾਂ ਦੇ ਬੁਲਾਰੇ ਲੈਫਟੀਨੈਂਟ ਕਰਨਲ ਮਾਰਟਨ ਓ. ਡੋਨੇਲ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕੀ ਬਲਾਂ ਨੇ ਪਾਕਿਸਤਾਨ ਦੀ ਸਰਹੱਦ ਨੇੜੇ ਸਮੂਹ ਦੇ ਸਰਗਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ। ਅਫਗਾਨ ਰੱਖਿਆ ਮੰਤਰਾਲਾ ਦੇ ਬੁਲਾਰੇ ਮੁਹੰਮਦ ਰਦਮਾਨਿਸ਼ ਨੇ ਬਾਅਦ 'ਚ ਕਿਹਾ ਸੀ ਕਿ ਅਮਰੀਕੀ ਹਮਲੇ 'ਚ ਫਜ਼ਲੁੱਲਾ ਮਾਰਿਆ ਗਿਆ ਹੈ। ਟੀ.ਟੀ.ਪੀ. ਨੇ ਹਾਲੇ ਤਕ ਆਪਣੇ ਸਰਗਨਾ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਸੀ।