ਪਾਕਿਸਤਾਨ ਦੀ ਕੈਬਨਿਟ ਵੱਲੋਂ ਵਿਵਾਦਪੂਰਨ ਸੰਵਿਧਾਨਕ ਸੋਧ ਬਿੱਲ ਨੂੰ ਮਨਜ਼ੂਰੀ
Monday, Oct 21, 2024 - 05:42 AM (IST)

ਇਸਲਾਮਾਬਾਦ : ਪਾਕਿਸਤਾਨ ਕੈਬਨਿਟ ਨੇ ਐਤਵਾਰ ਨੂੰ ਗੱਠਜੋੜ ਦੇ ਭਾਈਵਾਲਾਂ ਤੋਂ ਸਹਿਮਤੀ ਮੰਗਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਵਿਵਾਦਤ 26ਵੇਂ ਸੰਵਿਧਾਨਕ ਸੋਧ ਦੇ ਪ੍ਰਸਤਾਵਿਤ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ।
ਗਠਜੋੜ ਸਰਕਾਰ ਐਤਵਾਰ ਨੂੰ ਸੈਨੇਟ ਅਤੇ ਨੈਸ਼ਨਲ ਅਸੈਂਬਲੀ 'ਚ ਪ੍ਰਸਤਾਵਿਤ ਨਿਆਂਇਕ ਸੁਧਾਰ ਬਿੱਲ ਨੂੰ ਪੇਸ਼ ਕਰਨ ਲਈ ਤਿਆਰ ਹੈ। ਡਾਨ ਨਿਊਜ਼ ਨੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਸੰਘੀ ਮੰਤਰੀ ਮੰਡਲ ਨੇ ਪਾਕਿਸਤਾਨ ਪੀਪਲਜ਼ ਪਾਰਟੀ ਸਮੇਤ ਸਰਕਾਰ ਅਤੇ ਉਸ ਦੇ ਗੱਠਜੋੜ ਭਾਈਵਾਲਾਂ ਦੇ 26ਵੇਂ ਸੰਵਿਧਾਨਕ ਸੋਧ ਦੇ ਪ੍ਰਸਤਾਵਿਤ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
‘ਐਕਸਪ੍ਰੈਸ ਨਿਊਜ਼’ ਮੁਤਾਬਕ ਕੈਬਨਿਟ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਪ੍ਰਸਤਾਵਿਤ ਸੰਵਿਧਾਨਕ ਸੋਧ 'ਤੇ ਵਿਸਤ੍ਰਿਤ ਚਰਚਾ ਲਈ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ, ਫੈੱਡਰਲ ਮੰਤਰੀ ਮੁਸਾਦਿਕ ਮਲਿਕ ਨੇ ਕਿਹਾ ਕਿ ਸਰਕਾਰ ਨੇ ਇਸ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ), ਸਰਕਾਰ ਅਤੇ ਗੱਠਜੋੜ ਭਾਈਵਾਲਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ। ਮੰਤਰੀ ਮੰਡਲ ਨੇ ਖਰੜੇ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ। 'ਜੀਓ ਨਿਊਜ਼' ਦੀ ਖ਼ਬਰ ਮੁਤਾਬਕ ਗੱਠਜੋੜ ਸਰਕਾਰ ਸੰਸਦ 'ਚ 26ਵੇਂ ਸੰਵਿਧਾਨਕ ਸੋਧ ਨੂੰ ਪਾਸ ਕਰਾਉਣ ਨੂੰ ਲੈ ਕੇ ਕਾਫੀ ਆਸਵੰਦ ਹੈ।