ਪਾਕਿ ਆਰਮੀ ਨੇ ਵੀ ਇਮਰਾਨ ਤੋਂ ਬਣਾਈ ਦੂਰੀ, OIC ਦੀ ਬੈਠਕ ਤੋਂ ਬਾਅਦ ਮੰਗਿਆ ਅਸਤੀਫਾ
Monday, Mar 21, 2022 - 05:47 PM (IST)
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ’ਤੇ ਵੱਡਾ ਸੰਕਟ ਮੰਡਰਾ ਰਿਹਾ ਹੈ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦੇ ਕਾਰਨ ਫ਼ੌਜ ਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਅਗਵਾਈ ਵਾਲੀ ਪਾਕਿਸਤਾਨੀ ਫੌਜ ਦੇ ਉੱਚ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ ਹੈ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਖਾਨ ਨੂੰ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਜਨਰਲ ਬਾਜਵਾ ਅਤੇ ਤਿੰਨ ਹੋਰ ਸੀਨੀਅਰ ਲੈਫਟੀਨੈਂਟ ਜਨਰਲਾਂ ਨੇ ਇਕ ਮੀਟਿੰਗ ਦੌਰਾਨ ਲਿਆ ਸੀ। ਇਹ ਮੁਲਾਕਾਤ ਜਨਰਲ ਬਾਜਵਾ ਅਤੇ ਦੇਸ਼ ਦੇ ਖੁਫੀਆ ਅਧਿਕਾਰੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਦੀ ਇਮਰਾਨ ਖਾਨ ਨਾਲ ਮੁਲਾਕਾਤ ਤੋਂ ਬਾਅਦ ਹੋਈ ਸੀ। ਖਬਰਾਂ ਮੁਤਾਬਕ ਫੌਜ ਦੇ ਇਨ੍ਹਾਂ ਸਾਰੇ ਸੀਨੀਅਰ ਅਧਿਕਾਰੀਆਂ ਨੇ ਇਸ ਬੈਠਕ 'ਚ ਇਮਰਾਨ ਖਾਨ ਨੂੰ ਕੋਈ ਰਿਆਇਤ ਨਾ ਦੇਣ ਦਾ ਫ਼ੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ 11 ਮਾਰਚ ਨੂੰ ਇਮਰਾਨ ਖਾਨ ਅਤੇ ਫੌਜ ਵਿਚਾਲੇ ਮਤਭੇਦ ਸਾਹਮਣੇ ਆਇਆ ਸੀ। ਇਮਰਾਨ ਨੇ ਉਦੋਂ ਵਿਰੋਧੀ ਨੇਤਾਵਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਨਾ ਕਰਨ ਦੀ ਫੌਜ ਮੁਖੀ ਜਨਰਲ ਬਾਜਵਾ ਦੀ ਸਲਾਹ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਜਨਰਲ ਬਾਜਵਾ ਨੇ ਮੈਨੂੰ ਕਿਹਾ ਕਿ ਮੈਂ ਜੇਯੂਆਈ-ਐੱਫ ਦੇ ਆਗੂ ਮੌਲਾਨਾ ਫਜ਼ਲੁਰ ਰਹਿਮਾਨ ਨੂੰ 'ਡੀਜ਼ਲ' ਨਾ ਕਹਾਂ ਪਰ ਪਾਕਿ ਦੇ ਲੋਕਾਂ ਨੇ ਹੀ ਉਨ੍ਹਾਂ ਨੂੰ ਡੀਜ਼ਲ ਦਾ ਨਾਂ ਦਿੱਤਾ ਹੈ।
ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਨੂੰ ਉਮੀਦ ਸੀ ਕਿ ਇਮਰਾਨ ਖਾਨ ਦੇ ਕਹਿਣ 'ਤੇ ਸਾਬਕਾ ਫੌਜ ਮੁਖੀ ਰਾਹੀਲ ਸ਼ਰੀਫ ਦੀ ਬਾਜਵਾ ਨਾਲ ਮੁਲਾਕਾਤ ਦੌਰਾਨ ਅਜਿਹਾ ਹੱਲ ਹੋਵੇਗਾ, ਜਿਸ ਨਾਲ ਸਰਕਾਰ ਬਚ ਜਾਵੇਗੀ ਪਰ ਰਾਹੀਲ ਸ਼ਰੀਫ ਆਪਣੇ ਮਿਸ਼ਨ 'ਚ ਅਸਫਲ ਰਹੇ। ਇੰਨਾ ਹੀ ਨਹੀਂ ਇਮਰਾਨ ਖੁਦ ਫੌਜ ਦੀ ਸ਼ਰਨ 'ਚ ਪਹੁੰਚੇ ਸਨ। ਸਰਕਾਰ ਖ਼ਿਲਾਫ਼ ਲਾਏ ਗਏ ਬੇਭਰੋਸਗੀ ਮਤੇ ਦੇ ਵਿਚਕਾਰ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਫੌਜ ਮੁਖੀ ਬਾਜਵਾ ਨਾਲ ਮੁਲਾਕਾਤ ਕੀਤੀ ਸੀ।