ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਤੈਅ ਸਮੇਂ ’ਤੇ ਸ਼ੁਰੂ ਕਰਨ ’ਚ ਭਾਰਤ ਕਰ ਰਿਹੈ ਦੇਰੀ : ਪਾਕਿ
Friday, Apr 26, 2019 - 01:23 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਗੁ. ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਸ਼ੁਰੂ ਕਰਨ ਦੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਭਾਰਤ ’ਤੇ ਵਫਦ ਪੱਧਰ ਦੀ ਗੱਲਬਾਤ ਕਰਨ ’ਚ ਦੇਰੀ ਕਰਨ ਦਾ ਦੋਸ਼ ਲਾਇਆ। ਤਜਵੀਜ਼ਤ ਲਾਂਘਾ ਪਾਕਿਸਤਾਨ ਦੇ ਨਾਰੋਵਾਲ ’ਚ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨੂੰ ਭਾਰਤੀ ਪੰਜਾਬ ’ਚ ਗੁਰਦਾਸਪੁਰ ਜ਼ਿਲੇ ’ਚ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ (ਐੱਫ. ਓ.) ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਤੈਅਸ਼ੁਦਾ ਸਮੇਂ ’ਚ ਉਪਰੋਕਤ ਲਾਂਘਾ ਸ਼ੁਰੂ ਹੋ ਜਾਵੇ। ਹਾਲਾਂਕਿ ਬੈਠਕਾਂ ’ਚ ਦੇਰੀ ਹੋ ਰਹੀ ਹੈ ਕਿਉਂਕਿ ਭਾਰਤ ਸਰਕਾਰ ਅਜਿਹੇ ਹਾਲਾਤ ’ਚ ਵਫਦ ਪੱਧਰੀ ਗੱਲਬਾਤ ਲਈ ਚਾਹਵਾਨ ਨਹੀਂ ਹੈ। ਜ਼ਿਕਰਯੋਗ ਹੈ ਕਿ 16 ਅਪ੍ਰੈਲ ਨੂੰ ਦੋਹਾਂ ਦੇਸ਼ਾਂ ਦਰਮਿਆਨ ਉਪਰੋਕਤ ਲਾਂਘੇ ਸੰਬੰਧੀ ਲਗਭਗ 4 ਘੰਟੇ ਚੱਲੀ ਬੈਠਕ ’ਚ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ।