ਪਾਕਿ ਦੀ ਬਰਬਾਦੀ ਦੀ ਉਲਟੀ ਗਿਣਤੀ ਸ਼ੁਰੂ, ਐਫ.ਏ.ਟੀ.ਐਫ. ਲਵੇਗੀ ਅਹਿਮ ਫੈਸਲਾ

09/05/2019 8:54:04 PM

ਇਸਲਾਮਾਬਾਦ (ਏਜੰਸੀ)- ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਰੋਕ ਲਗਾਉਣ ਲਈ ਪਾਕਿਸਤਾਨ ਵਲੋਂ ਚੁੱਕੇ ਗਏ ਕਦਮਾਂ ਦਾ ਅੰਤਿਮ ਮੁਲਾਂਕਣ ਕਰਨ ਜਾ ਰਿਹਾ ਹੈ। ਇਹ ਮੁਲਾਂਕਣ ਥਾਈਲੈਂਡ ਵਿਚ 8 ਤੋਂ 10 ਸਤੰਬਰ ਤੱਕ ਹੋਣ ਵਾਲੀ ਐਫ.ਏ.ਟੀ.ਐਫ. ਦੀ ਮੀਟਿੰਗ ਵਿਚ ਕੀਤਾ ਜਾਵੇਗਾ। ਕੌਮਾਂਤਰੀ ਪੱਧਰ 'ਤੇ ਅੱਤਵਾਦੀ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ 27 ਬਿੰਦੂਆਂ 'ਤੇ ਕੰਮ ਕਰਨ ਨੂੰ ਕਿਹਾ ਸੀ। ਜੇਕਰ ਪਾਕਿਸਤਾਨ ਇਨ੍ਹਾਂ ਬਿੰਦੂਆਂ 'ਤੇ ਖਰਾ ਨਹੀਂ ਉਤਰਿਆ ਤਾਂ ਉਸ ਨੂੰ ਕਾਲੀ ਸੂਚੀ ਵਿਚ ਪਾਇਆ ਜਾ ਸਕਦਾ ਹੈ। ਅਜੇ ਉਹ ਐਫ.ਏ.ਟੀ.ਐਫ. ਦੀ ਗ੍ਰੇ ਸੂਚੀ ਵਿਚ ਹੈ। ਐਫ.ਏ.ਟੀ.ਐਫ. ਨਾਲ ਸਬੰਧਿਤ ਏਸ਼ੀਆ-ਪ੍ਰਸ਼ਾਂਤ ਸਮੂਹ (ਏ.ਪੀ.ਜੀ.) ਨੇ ਹਾਲ ਹੀ ਵਿਚ ਪਾਕਿਸਤਾਨ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਸੀ।

ਪਾਕਿ ਮੀਡੀਆ ਮੁਤਾਬਕ ਐਫ.ਏ.ਟੀ.ਐਫ. ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਦਾ ਇਕ ਵਫਦ 7 ਸਤੰਬਰ ਨੂੰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਪਹੁੰਚੇਗਾ। ਅੰਤਿਮ ਮੁਲਾਂਕਣ ਨਾਲ ਹੀ ਪਾਕਿਸਤਾਨ 'ਤੇ ਐਫ.ਏ.ਟੀ.ਐਫ. ਦੇ ਫੈਸਲੇ ਦੀ ਦਿਸ਼ਾ ਤੈਅ ਹੋਵੇਗੀ। ਇਸ ਸਬੰਧੀ 13 ਤੋਂ 18 ਅਕਤੂਬਰ ਤੱਕ ਪੈਰਿਸ ਵਿਚ ਹੋਣ ਵਾਲੀ ਮੀਟਿੰਗ ਵਿਚ ਅੰਤਿਮ ਫੈਸਲਾ ਹੋਵੇਗਾ। ਕੈਨਬਰਾ ਵਿਚ 18 ਤੋਂ 23 ਅਗਸਤ ਤੱਕ ਹੋਈ ਏ.ਪੀ.ਜੀ. ਦੀ ਮੀਟਿੰਗ ਵਿਚ ਪਾਕਿਸਤਾਨ ਦੇ ਕਦਮਾਂ ਦੀ ਸਮੀਖਿਆ ਕੀਤੀ ਗਈ ਸੀ। ਇਸ ਵਿਚ ਮੰਨਿਆ ਗਿਆ ਕਿ ਪਾਕਿਸਤਾਨ ਏ.ਪੀ.ਜੀ. ਦੇ 40 ਮਾਨਕਾਂ ਵਿਚੋਂ 32 ਦਾ ਪਾਲਨ ਕਰਨ ਵਿਚ ਅਸਫਲ ਰਿਹਾ।

ਇਸ ਦੇ ਆਧਾਰ 'ਤੇ  ਏ.ਪੀ.ਜੀ. ਨੇ ਉਸ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਸੀ। ਏ.ਪੀ.ਜੀ. ਦੀ ਮੀਟਿੰਗ ਵਿਚ ਐਫ.ਏ.ਟੀ.ਐਫ. ਵਲੋਂ ਪਾਕਿਸਤਾਨ ਤੋਂ ਤਕਰੀਬਨ 100 ਵਾਧੂ ਸਵਾਲਾਂ ਦੇ ਜਵਾਬ ਵੀ ਮੰਗੇ ਗਏ ਸਨ। ਪਾਕਿਸਤਾਨ ਵਲੋਂ ਇਨ੍ਹਾਂ ਦੇ ਜਵਾਬ ਬੈਂਕਾਕ ਮੀਟਿੰਗ ਵਿਚ ਦਿੱਤੇ ਜਾਣਗੇ। ਐਫ.ਏ.ਟੀ.ਐਫ. ਨੂੰ ਪਾਕਿਸਤਾਨ ਇਹ ਵੀ ਦੱਸੇਗਾ ਕਿ ਪਾਬੰਦੀ ਸ਼ੁਦਾ ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਉਸ ਨੇ ਕੀ ਕਦਮ ਚੁੱਕੇ ਹਨ।


Sunny Mehra

Content Editor

Related News