ਹੂਤੀਆਂ ਵੱਲੋਂ ਸਾਊਦੀ ਅਰਬ ''ਤੇ ਕੀਤੇ ਗਏ ਹਮਲੇ ਨਾਲ ਪਾਕਿਸਤਾਨ ਦੀ ਵਧੀ ਚਿੰਤਾ

Friday, Jul 17, 2026 - 04:25 PM (IST)

ਹੂਤੀਆਂ ਵੱਲੋਂ ਸਾਊਦੀ ਅਰਬ ''ਤੇ ਕੀਤੇ ਗਏ ਹਮਲੇ ਨਾਲ ਪਾਕਿਸਤਾਨ ਦੀ ਵਧੀ ਚਿੰਤਾ

ਇੰਟਰਨੈਸ਼ਨਲ ਡੈਸਕ- ਯਮਨ ਦੇ ਈਰਾਨ-ਸਮਰਥਿਤ ਹੂਤੀ ਵਿਦਰੋਹੀਆਂ ਵੱਲੋਂ ਇਸ ਹਫ਼ਤੇ ਸਾਊਦੀ ਅਰਬ 'ਤੇ ਕੀਤੇ ਗਏ ਹਮਲਿਆਂ ਤੋਂ ਪਾਕਿਸਤਾਨ ਨਾਰਾਜ਼ ਹੈ। ਇਨ੍ਹਾਂ ਹਮਲਿਆਂ ਕਾਰਨ ਪਾਕਿਸਤਾਨ ਦੇ ਇਸ ਖੇਤਰੀ ਸੰਘਰਸ਼ ਵਿੱਚ ਸਿੱਧੇ ਤੌਰ 'ਤੇ ਖਿੱਚੇ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਨਾਲ ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲੇ ਵਜੋਂ ਉਸ ਦੀ ਸੰਭਾਵੀ ਭੂਮਿਕਾ ਹੋਰ ਗੁੰਝਲਦਾਰ ਹੋ ਸਕਦੀ ਹੈ।

ਪਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਨੇ ਪਿਛਲੇ ਮਹੀਨੇ ਵਾਸ਼ਿੰਗਟਨ ਅਤੇ ਤਹਿਰਾਨ ਦਰਮਿਆਨ ਯੁੱਧ ਨੂੰ ਲੈ ਕੇ ਇਕ ਅੰਤਰਿਮ ਸਮਝੌਤਾ ਕਰਾਉਣ ਵਿੱਚ ਮਦਦ ਕੀਤੀ ਸੀ ਅਤੇ ਪਿਛਲੇ ਸਾਲ ਸਾਊਦੀ ਅਰਬ ਨਾਲ ਇਕ ਆਸਪੀ ਡਿਫੈਂਸ ਐਗਰੀਮੈਂਟ ਸਾਈਨ ਕੀਤਾ ਸੀ। ਇਸ ਸਮਝੌਤੇ ਤਹਿਤ ਸਾਊਦੀ ਅਰਬ ਵਿੱਚ ਹਜ਼ਾਰਾਂ ਪਾਕਿਸਤਾਨੀ ਸੈਨਿਕਾਂ ਅਤੇ ਲੜਾਕੂ ਜਹਾਜ਼ਾਂ ਦਾ ਇੱਕ ਸਕੁਐਡਰਨ ਵੀ ਤਾਇਨਾਤ ਕੀਤਾ ਗਿਆ ਹੈ। ਪਾਕਿਸਤਾਨ ਨੇ ਪਹਿਲਾਂ ਵੀ ਸਾਊਦੀ ਅਰਬ 'ਤੇ ਹੋਏ ਹਮਲਿਆਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ, ਪਰ ਤਾਜ਼ਾ ਹਮਲਿਆਂ ਨੇ ਇਸਲਾਮਾਬਾਦ ਦੀ ਨਾਰਾਜ਼ਗੀ ਨੂੰ ਹੋਰ ਵਧਾ ਦਿੱਤਾ ਹੈ, ਕਿਉਂਕਿ ਇਸ ਨਾਲ ਸਾਊਦੀ-ਹੂਤੀ ਸੰਘਰਸ਼ ਦੇ ਨਵੇਂ ਸਿਰੇ ਤੋਂ ਸ਼ੁਰੂ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਦੱਸ ਦੇਈਏ ਕਿ ਹੂਤੀਆਂ ਨੇ ਸੋਮਵਾਰ ਨੂੰ ਸਾਊਦੀ ਅਰਬ 'ਤੇ ਮਿਜ਼ਾਈਲਾਂ ਦਾਗੀਆਂ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਸਾਊਦੀ ਅਰਬ ਨੇ ਉਨ੍ਹਾਂ ਦੇ ਕੰਟਰੋਲ ਵਾਲੇ ਇਕ ਹਵਾਈ ਅੱਡੇ 'ਤੇ ਬੰਬਾਰੀ ਕੀਤੀ ਸੀ। ਹੂਤੀਆਂ ਵੱਲੋਂ ਕੀਤੇ ਗਏ ਇਨ੍ਹਾਂ ਮਿਜ਼ਾਈਲ ਹਮਲਿਆਂ ਨੇ 4 ਸਾਲਾਂ ਤੋਂ ਚੱਲੀ ਆ ਰਹੀ ਜੰਗਬੰਦੀ ਨੂੰ ਤੋੜ ਦਿੱਤਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਇਹ ਹਿੰਸਾ ਸਿਰਫ਼ ਇੱਕ ਹੀ ਘਟਨਾ ਤੱਕ ਸੀਮਤ ਰਹੀ ਹੈ।


author

cherry

Content Editor

Related News