ਕਸ਼ਮੀਰ ਮੁੱਦੇ ਦੇ ਹੱਲ ਲਈ ਟਰੰਪ ਦੀ ਮਦਦ ਲੈਣਗੇ ਇਮਰਾਨ
Tuesday, Jul 16, 2019 - 12:13 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਇਮਰਾਨ ਕਸ਼ਮੀਰ ਦਾ ਮੁੱਦਾ ਵੀ ਚੁੱਕਣਗੇ। ਨਾਲ ਹੀ ਇਸ ਮਾਮਲੇ ਦੇ ਹੱਲ ਲਈ ਟਰੰਪ ਤੋਂ ਮਦਦ ਮੰਗਣਗੇ। ਸੋਮਵਾਰ ਨੂੰ ਇਹ ਜਾਣਕਾਰੀ ਪਾਕਿਸਤਾਨੀ ਅਧਿਕਾਰੀਆਂ ਨੇ ਦਿੱਤੀ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ 22 ਜੁਲਾਈ ਨੂੰ ਵਾਸ਼ਿੰਗਟਨ ਵਿਚ ਦੋਹਾਂ ਨੇਤਾਵਾਂ ਵਿਚ ਹੋਣ ਵਾਲੀ ਮੁਲਾਕਾਤ ਦੇ ਏਜੰਡੇ 'ਤੇ ਕੰਮ ਚੱਲ ਰਿਹਾ ਹੈ। ਟਰੰਪ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਿਸ਼ਚਿਤ ਹੀ ਕਸ਼ਮੀਰ ਦਾ ਮੁੱਦਾ ਚੁੱਕਣਗੇ ਅਤੇ ਹੱਲ ਕਰਨ ਲਈ ਮਦਦ ਦੀ ਅਪੀਲ ਕਰਨਗੇ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਮੁੱਦੇ 'ਤੇ ਭਾਰਤ ਨਾਲ ਵਾਰਤਾ ਮੁੜ ਸ਼ੁਰੂ ਹੋਵੇ। ਇਮਰਾਨ ਇਸ ਸਿਲਸਿਲੇ ਵਿਚ ਹੁਣ ਤੱਕ ਇਸ ਦਿਸ਼ਾ ਵਿਚ ਕੀਤੀਆਂ ਗਈਆਂ ਕੋਸ਼ਿਸ਼ਾਂ ਤੋਂ ਟਰੰਪ ਨੂੰ ਜਾਣੂ ਕਰਵਾਉਣਗੇ। ਜ਼ਿਕਰਯੋਗ ਹੈ ਕਿ ਆਮ ਚੋਣਾਂ ਵਿਚ ਜਿੱਤ ਦੇ ਬਾਅਦ ਇਮਰਾਨ ਦੀ ਇਹ ਪਹਿਲੀ ਅਮਰੀਕਾ ਯਾਤਰਾ ਹੋਵੇਗੀ।