ਪਾਕਿਸਤਾਨ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ ਸੰਸਦ ’ਚ ਸਭ ਤੋਂ ਵੱਡੀ ਪਾਰਟੀ ਬਣ ਜਾਵੇਗੀ ਇਮਰਾਨ ਦੀ ਪਾਰਟੀ

Saturday, Jul 13, 2024 - 10:11 AM (IST)

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ 109 ਸੀਟਾਂ ਨਾਲ ਸੰਸਦ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਇਹ ਪਾਰਟੀ ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਸੀਟਾਂ ਦੀ ਅਲਾਟਮੈਂਟ ਲਈ ਯੋਗ ਹੈ

ਖਾਨ (71) ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਲਈ ਇਕ ਵੱਡੀ ਕਾਨੂੰਨੀ ਜਿੱਤ ’ਚ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ 13 ਮੈਂਬਰੀ ਬੈਂਚ ਨੇ ਪੇਸ਼ਾਵਰ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ’ਚ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਵੱਲੋਂ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਅਸੈਂਬਲੀਆਂ ’ਚ ਰਾਖਵੀਆਂ ਸੀਟਾਂ ’ਚ ਹਿੱਸੇਦਾਰੀ ਦੇਣ ਤੋਂ ਇਨਕਾਰ ਕਰਨ ਨੂੰ ਬਰਕਰਾਰ ਰੱਖਿਆ ਸੀ।

ਬੈਂਚ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਨਾਜਾਇਜ਼ ਕਰਾਰ ਦਿੰਦਿਆਂ ਇਸ ਨੂੰ ‘ਪਾਕਿਸਤਾਨ ਦੇ ਸੰਵਿਧਾਨ ਖਿਲਾਫ’ ਕਰਾਰ ਦਿੱਤਾ। ਪੀ. ਟੀ. ਆਈ. ਨੈਸ਼ਨਲ ਅਸੈਂਬਲੀ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੇਗੀ ਕਿਉਂਕਿ 23 ਰਾਖਵੀਆਂ ਸੀਟਾਂ ਹਾਸਲ ਕਰਨ ਤੋਂ ਬਾਅਦ ਇਸ ਦੀਆਂ ਸੀਟਾਂ 86 ਤੋਂ ਵਧ ਕੇ 109 ਹੋ ਜਾਣਗੀਆਂ। ਵਿਰੋਧੀ ਗੱਠਜੋੜ ਦੀਆਂ ਸੀਟਾਂ ਦੀ ਗਿਣਤੀ ਵੀ 120 ਹੋ ਜਾਵੇਗੀ। ਇਸ ਸਮੇਂ ਪੀ. ਟੀ. ਆਈ. ਸਮੇਤ ਸਾਂਝੇ ਵਿਰੋਧੀ ਧਿਰ ਦੇ 97 ਮੈਂਬਰ ਹਨ।

 


Harinder Kaur

Content Editor

Related News