ਪਾਕਿ ''ਚ ਪਹਿਲਾ ਸਿੱਖ ਨੈਸ਼ਨਲ ਪ੍ਰੈੱਸ ਕਲੱਬ ਦੀ ਗਵਰਨਿੰਗ ਬੌਡੀ ਦਾ ਬਣਿਆ ਮੈਂਬਰ

8/21/2020 10:27:17 AM

ਲਾਹੌਰ (ਬਿਊਰੋ): ਪਾਕਿਸਤਾਨ ਵਿਚ ਨੈਸ਼ਨਲ ਪ੍ਰੈੱਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਹਨ। ਇਹਨਾਂ ਚੋਣਾਂ ਵਿਚ ਪਹਿਲਾ ਪਾਕਿਸਤਾਨੀ ਸਿੱਖ ਮੈਂਬਰ ਚੁਣਿਆ ਗਿਆ ਹੈ। ਹਰਮੀਤ ਸਿੰਘ ਨੇ ਕੁੱਲ 775 ਵੋਟਾਂ ਹਾਸਲ ਕਰ ਕੇ 7ਵਾਂ ਸਥਾਨ ਹਾਸਲ ਕੀਤਾ।

ਨੈਸ਼ਨਲ ਪ੍ਰੈਸ ਕਲੱਬ ਰਾਵਲਪਿੰਡੀ ਅਤੇ ਪਾਕਿਸਤਾਨ ਦੀ ਸੰਘੀ ਰਾਜਧਾਨੀ ਇਸਲਾਮਾਬਾਦ ਸਥਿਤ ਪੱਤਰਕਾਰਾਂ ਦੀ ਪ੍ਰਤੀਨਿਧ ਸੰਸਥਾ ਹੈ। ਇਹ ਸੰਸਥਾ 2500 ਤੋਂ ਵੱਧ ਪੱਤਰਕਾਰਾਂ ਨੂੰ ਦਰਸਾਉਂਦੀ ਹੈ। ਇਸ ਮੌਕੇ ਹਰਮੀਤ ਸਿੰਘ ਨੇ ਕਿਹਾ ਕਿ ਇਹਨਾਂ ਚੋਣਾਂ ਵਿਚ 15 ਮੈਂਬਰ ਹੀ ਬਣਦੇ ਹਨ ਅਤੇ ਮੁਕਾਬਲਾ ਕਾਫੀ ਸਖਤ ਰਿਹਾ। ਉਹਨਾਂ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਪ੍ਰੈੱਸ ਕਲੱਬ ਹੈ, ਇਸ ਵਿਚ ਈਸਾਈ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਵਿਚੋਂ ਕਈ ਵਾਰ ਮੈਂਬਰ ਬਣੇ ਹਨ ਪਰ ਸਿੱਖਾਂ ਵਿਚੋਂ ਪਹਿਲੀ ਵਾਰ ਉਹਨਾਂ ਨੇ ਚੋਣ ਲੜੀ ਅਤੇ ਜਿੱਤ ਵੀ ਹਾਸਲ ਕੀਤੀ।

ਹਰਮੀਤ (30) ਸਾਲ 2018 ਵਿਚ 24X7 ਉਰਦੂ ਚੈਨਲ, “ਪਬਲਿਕ ਨਿਊਜ਼” ਨਾਲ ਨਵੇਂ ਐਂਕਰ ਵਜੋਂ ਬ੍ਰੇਕ ਪਾਉਣ ਦੀ ਪੇਸ਼ਕਸ਼ ਤੋਂ ਬਾਅਦ ਸੁਰਖੀਆਂ ਵਿਚ ਆ ਗਿਆ ਸੀ। ਅਜਿਹੇ ਸਮੇਂ ਵਿਚ ਜਦੋਂ ਪਾਕਿਸਤਾਨ ਵਿਚ ਘੱਟ ਗਿਣਤੀਆਂ ਆਪਣੇ ਹੱਕਾਂ ਲਈ ਲੜੀਆਂ ਸਨ, ਤਾਂ ਗਲੋਬਲ ਪੱਧਰ 'ਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਇਹ ਉਸ ਲਈ ਇਕ ਸਹੀ ਮੌਕਾ ਸੀ, ਜੋ ਉਸ ਨੂੰ ਮਿਲਿਆ ਸੀ। 

ਇਕ ਸਮਾਚਾਰ ਏਜੰਸੀ ਨਾਲ ਨਾਲ ਫੋਨ 'ਤੇ ਗੱਲ ਕਰਦਿਆਂ ਹਰਮੀਤ ਨੇ ਦੱਸਿਆ ਕਿ ਉਹ ਪਾਬੰਦੀਆਂ ਦੇ ਬਾਵਜੂਦ ਸਕਾਰਾਤਮਕ ਦ੍ਰਿਸ਼ਟੀਕੋਣ ਦੇ ਨਾਲ ਮੁੱਖ ਧਾਰਾ ਵਿਚ ਰਹਿ ਕੇ ਆਪਣੇ ਪਰਿਵਾਰ, ਪਾਕਿਸਤਾਨ ਵਿਚ ਆਪਣੀ ਕਮਿਊਨਿਟੀ ਨੂੰ ਮਾਣ ਮਹਿਸੂਸ ਕਰਾਉਣਾ ਚਾਹੁੰਦਾ ਹੈ। ਉਹਨਾਂ ਨੇ ਕਿਹਾ,“ਇਸਲਾਮਾਬਾਦ ਪ੍ਰੈਸ ਕਲੱਬ ਇਕ ਪ੍ਰਮੁੱਖ ਮੰਚ ਹੈ ਜਿੱਥੋਂ ਮੈਂ ਪਾਕਿਸਤਾਨ ਦੇ ਮੰਤਰਾਲੇ ਨਾਲ ਘੱਟਗਿਣਤੀ ਮੁੱਦੇ ਉਠਾ ਸਕਦਾ ਹਾਂ। ਨਿਊਜ਼ ਐਂਕਰ ਦੇ ਤੌਰ ਤੇ ਪਹਿਲੇ ਪੱਗੜੀ ਬੰਨ੍ਹੇ ਸਿੱਖ ਹੋਣ ਦੇ ਇਤਿਹਾਸ ਨੂੰ ਲਿਖਣ ਤੋਂ ਬਾਅਦ, ਮੈਂ ਫਿਰ ਖੁਸ਼ ਹਾਂ ਕਿ ਅਜ਼ਾਦ ਪੱਤਰਕਾਰ ਪੈਨਲ ਤੋਂ ਹੁਣ ਪ੍ਰੈਸ ਕਲੱਬ ਵਿਚ ਚੁਣਿਆ ਗਿਆ ਪਹਿਲਾ ਸਿੱਖ ਹਾਂ।”

ਹਰਮੀਤ ਨੇ ਉਰਦੂ ਯੂਨੀਵਰਸਿਟੀ, ਕਰਾਚੀ ਤੋਂ ਪੱਤਰਕਾਰੀ ਵਿਚ ਮਾਸਟਰੀ ਕੀਤੀ ਹੈ। ਉਹ ਚਾਹੁੰਦਾ ਹੈ ਕਿ ਉਸ ਦਾ ਦੋ ਸਾਲਾ ਬੇਟਾ ਹਰਮਨਵੀਰ ਸਿੰਘ ਸ਼ੁਰੂ ਤੋਂ ਹੀ ਸਿੱਖ ਧਰਮ ਦੀ ਪਾਲਣਾ ਕਰੇ।ਉਸ ਨੇ ਕਿਹਾ,''ਪੱਗ ਨੇ ਮੇਰੀ ਸ਼ਖਸੀਅਤ ਨੂੰ ਨਾ ਸਿਰਫ ਵਧਾਇਆ, ਸਗੋਂ ਮੈਨੂੰ ਭੀੜ ਵਿਚ ਵਿਸ਼ੇਸ਼ ਮਹਿਸੂਸ ਕਰਵਾਇਆ। ਮੈਨੂੰ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਮੇਰੇ ਮਾਪਿਆਂ ਨੇ ਮੈਨੂੰ ਬਚਪਨ ਤੋਂ ਹੀ ‘ਸਿੱਖੀ ਸਰੂਪ’ ਕਿਉਂ ਨਹੀਂ ਦਿੱਤਾ।” ਉਸ ਨੂੰ ਅਫਸੋਸ ਹੈ ਕਿ ਵੀਜ਼ਾ ਪਾਬੰਦੀਆਂ ਕਾਰਨ ਉਸ ਨੂੰ ਕਦੇ ਵੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਨਹੀਂ ਮਿਲ ਸਕਿਆ। ਉਸ ਨੇ ਕਿਹਾ,“ਇਹ ਮੇਰੀ ਇਕ ਇੱਛਾ ਹੈ ਕਿ ਮੈਂ ਆਪਣੇ ਪਰਿਵਾਰ ਸਮੇਤ ਇਸ ਨੂੰ ਜਲਦੀ ਪੂਰੀ ਕਰਨੀ ਚਾਹੁੰਦਾ ਹਾਂ।”

ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਸ਼ਾਂਗਲਾ ਜ਼ਿਲ੍ਹੇ ਦੇ ਕਸਬੇ ਚੱਕਸਰ ਦੇ ਰਹਿਣ ਵਾਲੇ, ਹਰਮੀਤ ਨੂੰ ਪਸ਼ਤੋ ਬੋਲਣ ਦੀ ਮੁਹਾਰਤ ਹੈ। ਇਸ ਤੋਂ ਇਲਾਵਾ ਉਸ ਨੂੰ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਮੁਹਾਹਤ ਹਾਸਲ ਹੈ। ਉਸ ਦੇ ਪਿਤਾ ਇਕ ਸਰਕਾਰੀ ਹਸਪਤਾਲ ਵਿਚ ਡਿਸਪੈਂਸਰ ਸਨ ਅਤੇ ਉਹ ਆਪਣੇ ਪਰਿਵਾਰ ਵਿਚ ਇਕਲੌਤਾ ਵਿਅਕਤੀ ਹੈ ਜਿਸ ਨੇ ਪੇਸ਼ੇ ਵਜੋਂ ਪੱਤਰਕਾਰੀ ਨੂੰ ਚੁਣਿਆ। ਜਨਵਰੀ ਵਿਚ, ਉਸ ਨੇ ਆਪਣੇ 25 ਸਾਲਾ ਭਰਾ ਪਰਵਿੰਦਰ ਸਿੰਘ ਨੂੰ ਗਵਾ ਦਿੱਤਾ, ਜਿਸ ਦਾ ਨਿੱਜੀ ਕਾਰਨਾਂ ਕਰਕੇ ਪਿਸ਼ਾਵਰ ਵਿਚ ਕਤਲ ਕਰ ਦਿੱਤਾ ਗਿਆ ਸੀ। ਭਾਵੇਂਕਿ, ਪੁਲਿਸ ਦੀ ਕੁਸ਼ਲ ਕਾਰਵਾਈ ਨਾਲ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਰੱਖਿਆ ਗਿਆ ਸੀ।


Vandana

Content Editor Vandana