ਪਾਕਿ: ਬਲੋਚਿਸਤਾਨ ਸੂਬੇ ''ਚ 73 ਸਾਲਾਂ ਬਾਅਦ ਸਿੱਖਾਂ ਲਈ ਖੁੱਲ੍ਹਿਆ ਗੁਰਦੁਆਰਾ ਸਾਹਿਬ
Thursday, Jul 23, 2020 - 06:33 PM (IST)
ਕਵੇਟਾ (ਭਾਸ਼ਾ): ਪਾਕਿਸਤਾਨ ਤੋਂ ਸਿੱਖ ਭਾਈਚਾਰੇ ਲਈ ਵੱਡੀ ਖਬਰ ਹੈ। ਪਾਕਸਿਤਾਨ ਦੇ ਬਲੋਚਿਸਤਾਨ ਸੂਬੇ ਵਿਚ ਸਰਕਾਰ ਨੇ 73 ਸਾਲਾਂ ਦੀ ਮਿਆਦ ਦੇ ਬਾਅਦ 200 ਸਾਲ ਪੁਰਾਣੇ ਇੱਕ ਗੁਰਦੁਆਰੇ ਨੂੰ ਸਿੱਖ ਭਾਈਚਾਰੇ ਦੇ ਹਵਾਲੇ ਕਰ ਦਿੱਤਾ ਹੈ।ਵੀਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਡਾਨ ਨਿਊਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਮੱਧ ਵਿਚ ਮਸਜਿਦ ਰੋਡ 'ਤੇ ਸਥਿਤ ਸਿਰੀ ਗੁਰੂ ਸਿੰਘ ਗੁਰਦੁਆਰਾ 1947 ਤੋਂ APWA ਸਰਕਾਰੀ ਹਾਈ ਗਰਲਜ਼ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ।
ਬੁੱਧਵਾਰ ਨੂੰ ਘੱਟਗਿਣਤੀ ਮਾਮਲਿਆਂ ਦੇ ਮੁੱਖ ਮੰਤਰੀ ਤੇ ਸੂਬਾਈ ਸੰਸਦ ਮੈਂਬਰ ਅਤੇ ਸਲਾਹਕਾਰ, ਦਿਨੇਸ਼ ਕੁਮਾਰ ਨੇ ਕਿਹਾ,“ਸਿੱਖ ਭਾਈਚਾਰੇ ਲਈ ਧਾਰਮਿਕ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਦੀ ਬਹਾਲੀ ਕਰਨਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫੈਸਲਾ ਹੈ।'' APWA ਗਵਰਮੈਂਟ ਗਰਲਜ਼ ਹਾਈ ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਨੇੜਲੇ ਸਕੂਲਾਂ ਵਿਚ ਦਾਖਲਾ ਲੈਣ ਲਈ ਕਿਹਾ ਗਿਆ ਹੈ। ਬਲੋਚਿਸਤਾਨ ਵਿਚ ਸਿੱਖ ਭਾਈਚਾਰਾ ਕਮੇਟੀ ਦੇ ਚੇਅਰਮੈਨ ਸਰਦਾਰ ਜਸਬੀਰ ਸਿੰਘ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਇਸ ਨੂੰ “ਸੂਬੇ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਬਲੋਚਿਸਤਾਨ ਸਰਕਾਰ ਵੱਲੋਂ ਦਿੱਤਾ ਤੋਹਫ਼ਾ” ਦੱਸਿਆ।
ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਕੋਰੋਨਾਵਾਇਰਸ ਦੇ 403 ਨਵੇਂ ਮਾਮਲੇ ਅਤੇ 5 ਲੋਕਾਂ ਦੀ ਮੌਤ
ਡਾਨ ਨੇ ਸਿੰਘ ਦੇ ਹਵਾਲੇ ਨਾਲ ਕਿਹਾ,“ਸੂਬੇ ਦਾ ਸਿੱਖ ਭਾਈਚਾਰਾ ਇਸ ਗੱਲੋਂ ਬਹੁਤ ਖੁਸ਼ ਹੈ ਕਿ ਸਾਡੇ ਪ੍ਰਾਚੀਨ ਗੁਰਦੁਆਰੇ ਨੂੰ 73 ਸਾਲਾਂ ਬਾਅਦ ਪਾਕਿਸਤਾਨ ਦੀ ਸਰਕਾਰ ਅਤੇ ਬਲੋਚਿਸਤਾਨ ਹਾਈ ਕੋਰਟ ਨੇ ਸਾਨੂੰ ਸੌਂਪ ਦਿੱਤਾ ਹੈ ਅਤੇ ਹੁਣ ਅਸੀਂ ਉਥੇ ਆਪਣਾ ਧਾਰਮਿਕ ਅਭਿਆਸ ਜਾਰੀ ਰੱਖ ਸਕਦੇ ਹਾਂ।” ਜ਼ਿਕਰਯੋਗ ਹੈ ਕਿਬਲੋਚਿਸਤਾਨ ਵਿਚ ਤਕਰੀਬਨ 2000 ਸਿੱਖ ਪਰਿਵਾਰ ਰਹਿੰਦੇ ਹਨ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਵਿਚ, ਬਲੋਚਿਸਤਾਨ ਸਰਕਾਰ ਨੇ ਝੋਬ ਵਿਚ 200 ਸਾਲ ਪੁਰਾਣਾ ਮੰਦਰ ਹਿੰਦੂ ਭਾਈਚਾਰੇ ਨੂੰ ਸੌਂਪਿਆ ਸੀ।
ਮੰਦਰ ਨੂੰ ਸਰਕਾਰੀ ਲੜਕਿਆਂ ਦੇ ਸਕੂਲ ਵਿਚ ਬਦਲ ਦਿੱਤਾ ਗਿਆ ਸੀ, ਜਿਸ ਨੂੰ ਹੁਣ ਇਕ ਹੋਰ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ।