ਪਾਕਿ ਨੇ 15 ਮਾਰਚ ਤੱਕ ਚੀਨ ਲਈ ਉਡਾਣਾਂ ਕੀਤੀਆਂ ਮੁਅੱਤਲ
Monday, Feb 24, 2020 - 12:43 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਕੋਰੋਨਾਵਾਇਰਸ ਪ੍ਰਭਾਵਿਤ ਚੀਨ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਬਾਅਦ ਚੀਨ ਲਈ ਸੰਚਾਲਿਤ ਹੋਣ ਵਾਲੀਆਂ ਸਾਰੀਆਂ ਉਡਾਣਾਂ 15 ਮਾਰਚ ਤੱਕ ਲਈ ਇਕ ਵਾਰ ਫਿਰ ਮੁਅੱਤਲ ਕਰ ਦਿੱਤੀਆਂ ਹਨ। ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਤੋਂ ਬੀਜਿੰਗ ਦੇ ਵਿਚ ਉਡਾਣਾਂ ਦੇ ਸੰਚਾਲਨ ਨੂੰ ਬਹਾਲ ਕੀਤਾ ਗਿਆ ਸੀ। ਪਾਕਿਸਤਾਨ ਨੇ 31 ਜਨਵਰੀ ਨੂੰ ਚੀਨ ਤੋਂ ਉਡਾਣਾਂ ਨੂੰ 2 ਫਰਵਰੀ ਤੱਕ ਲਈ ਮੁਅੱਤਲ ਕਰ ਦਿੱਤਾ ਸੀ।
ਇਕ ਦਿਨ ਪਹਿਲਾਂ ਹੀ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਸੀ। ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨਜ਼ (ਪੀ.ਆਈ.ਏ.) 3 ਫਰਵਰੀ ਨੂੰ ਸੇਵਾਵਾਂ ਬਹਾਲ ਕਰਨ ਦੇ ਬਾਅਦ ਬੀਜਿੰਗ ਲਈ ਦੋ ਹਫਤਾਵਰੀ ਉਡਾਣਾਂ ਦਾ ਪਰਿਚਾਲਨ ਕਰ ਰਹੀ ਸੀ। ਇਸ ਤੋਂ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਕਿਹਾ ਸੀ ਕਿ ਉਸ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਚੀਨ ਤੋਂ ਵਿਸ਼ੇਸ਼ ਮੈਡੀਕਲ ਕਿੱਟ ਮਿਲੀ ਹੈ।
ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਮੀਡੀਆ ਨੂੰ ਦੱਸਿਆ ਕਿ ਏਅਰਲਾਈਨ ਨੇ ਚੀਨ ਵਿਚ ਨੋਵਲ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਉਡਾਣਾਂ ਦਾ ਪਰਿਚਾਲਨ 15 ਮਾਰਚ ਤੱਕ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ,''ਬੀਜਿੰਗ ਲਈ ਉਡਾਣਾਂ ਫਿਰ ਤੋਂ ਬਹਾਲ ਕਰਨ ਦਾ ਫੈਸਲਾ ਹਾਲਾਤ ਦੇਖਦਿਆਂ ਲਿਆ ਜਾਵੇਗਾ।''