ਪਾਕਿ ''ਚ ਅਗਵਾ ਹੋਈ ਲਾਅ ਵਿਦਿਆਰਥਣ ਪਰਤੀ ਘਰ
Sunday, Dec 08, 2019 - 10:09 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਬੀਤੇ ਹਫਤੇ ਕਰਾਚੀ ਦੇ ਰੱਖਿਆ ਖੇਤਰ ਵਿਚ ਸ਼ੱਕੀ ਹਾਲਤਾਂ ਵਿਚ ਇਕ ਵਿਦਿਆਰਥਣ ਨੂੰ ਅਣਪਛਾਤੇ ਪੁਰਸ਼ਾਂ ਨੇ ਅਗਵਾ ਕਰ ਲਿਆ ਸੀ। ਹੁਣ ਇਹ 20 ਸਾਲਾ ਲਾਅ ਵਿਦਿਆਰਥਣ ਦੁਆ ਮਾਂਗੀ ਸ਼ਨੀਵਾਰ ਨੂੰ ਦੱਖਣੀ ਖੇਤਰ ਦੇ ਡੀ.ਆਈ.ਜੀ. ਸ਼ਾਰਜੀਲ ਖਰਲ ਦੇ ਦਫਤਰ ਤੋਂ ਘਰ ਪਰਤ ਆਈ ਹੈ। ਵੀਰਵਾਰ ਨੂੰ ਡੀ.ਆਈ.ਜੀ. ਖਰਾਲ ਨੇ ਕਿਹਾ ਸੀ,''ਇਹ ਮਾਮਲਾ ਫਿਰੌਤੀ ਲਈ ਅਗਵਾ ਕਰਨ ਦਾ ਪ੍ਰਤੀਤ ਹੁੰਦਾ ਹੈ।''
30 ਨਵੰਬਰ ਨੂੰ ਮਾਂਗੀ, ਜੋ ਸਿੰਧੀ ਭਾਸ਼ਾ ਦੇ ਮਸ਼ਹੂਰ ਕਵੀ ਅਤੇ ਕਾਲਮ ਲੇਖਕ ਐਜਾਜ਼ ਮਾਂਗੀ ਦੀ ਭਤੀਜੀ ਹੈ ਨੂੰ ਹਥਿਆਰਬੰਦ ਵਿਅਕਤੀਆਂ ਨੇ ਡਿਫੈਂਸ ਹਾਊਸਿੰਗ ਅਥਾਰਿਟੀ (ਡੀ.ਐੱਚ.ਏ.) ਦੇ ਰੈਸਟੋਰੈਂਟ ਨੇੜਿਓਂ ਅਗਵਾ ਕਰ ਲਿਆ ਸੀ। ਇਕ ਅੰਗਰੇਜ਼ੀ ਅਖਬਾਰ ਡਾਨ ਮੁਤਾਬਕ ਅਗਵਾ ਕਰਤਾਵਾਂ ਨੇ ਉਸ ਦੇ ਦੋਸਤ ਹਾਰਿਸ ਫਤਹਿ ਨੂੰ ਗੋਲੀ ਮਾਰ ਦਿੱਤੀ ਅਤੇ ਜ਼ਖਮੀ ਕਰ ਦਿੱਤਾ। ਫਤਹਿ ਨੂੰ ਗਰਦਨ ਨੇੜੇ ਗੋਲੀ ਲੱਗੀ ਅਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।