ਪਾਕਿ ''ਚ ਡੇਂਗੂ ਦਾ ਕਹਿਰ, ਹੁਣ ਤੱਕ 66 ਲੋਕਾਂ ਦੀ ਮੌਤ

11/06/2019 11:08:53 AM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਵਿਚ ਡੇਂਗੂ ਦੇ ਕਹਿਰ ਨੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਇਸ ਸਾਲ ਹੁਣ ਤੱਕ ਡੇਂਗੂ ਨਾਲ 44 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸਾਲ 2011 ਵਿਚ ਪਾਕਿਸਤਾਨ ਵਿਚ ਡੇਂਗੂ ਦੇ 27 ਹਜ਼ਾਰ ਮਾਮਲੇ ਰਿਕਾਰਡ ਕੀਤੇ ਗਏ ਸਨ ਪਰ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ 370 ਸੀ ਜੋ ਵਰਤਮਾਨ ਗਿਣਤੀ ਤੋਂ ਕਰੀਬ 6 ਗੁਣਾ ਜ਼ਿਆਦਾ ਸੀ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਰੋਗ ਨਿਗਰਾਨੀ ਵਿਭਾਗ ਦੇ ਪ੍ਰਮੁੱਖ ਡਾਕਟਰ ਰਾਣਾ ਸਫਦਰ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਸ ਸਾਲ ਦੁਨੀਆ ਭਰ ਵਿਚ ਡੇਂਗੂ ਦੇ ਮਾਮਲਿਆਂ ਦੀ ਹੈਰਾਨੀਜਨਕ ਗਿਣਤੀ ਦਰਜ ਹੋਈ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿਚ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਸੁਧਾਰ ਹੋਇਆ ਹੈ। ਡਾਕਟਰ ਸਫਦਰ ਨੇ ਦੱਸਿਆ ਕਿ ਇਸ ਸਾਲ ਡੇਂਗੂ ਦੀ ਚਪੇਟ ਵਿਚ 44 ਹਜ਼ਾਰ ਲੋਕ ਆਏ ਹਨ ਅਤੇ ਇਸ ਬੀਮਾਰੀ ਨਾਲ 66 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਡੇਂਗੂ ਮੱਛਰ ਦੇ ਫੈਲਣ ਦਾ ਮੌਸਮ ਲੱਗਭਗ ਖਤਮ ਹੋ ਗਿਆ ਹੈ। ਸਿਰਫ ਕਰਾਚੀ ਅਜਿਹਾ ਖੇਤਰ ਹੈ ਜਿੱਥੇ ਸਿੰਧ ਤੋਂ ਨਾ ਸਿਰਫ 94 ਫੀਸਦੀ ਮਾਮਲੇ ਸਾਹਮਣੇ ਆਏ ਸਗੋਂ ਉੱਥੇ ਚਾਲੂ ਸਾਲ ਦੇ ਅਖੀਰ ਤੱਕ ਡੇਂਗੂ ਦੇ ਮਾਮਲੇ ਸਾਹਮਣੇ ਆਉਣੇ ਜਾਰੀ ਰਹਿ ਸਕਦੇ ਹਨ। 

ਵਰਤਮਾਨ ਸਾਲ ਵਿਚ ਉਪਲਬਧ ਅੰਕੜਿਆਂ ਮੁਤਾਬਕ ਦੇਸ਼ ਵਿਚ ਡੇਂਗੂ ਦੇ ਕੁੱਲ 44415 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿਚ ਇਸਲਾਮਾਬਾਦ ਤੋਂ 12433, ਸਿੰਧ ਤੋਂ 10142, ਪੰਜਾਬ ਤੋਂ 9260, ਖੈਬਰ ਪਖਤੂਨਖਵਾ ਤੋਂ 7346 ਅਤੇ ਬਲੋਚਿਸਤਾਨ ਤੋਂ 3051 ਮਾਮਲੇ ਸਾਹਮਣੇ ਆਏ ਹਨ। ਇਸ ਦੇ ਇਲਾਵਾ 3383 ਮਾਮਲਾ ਹੋਰ ਖੇਤਰਾਂ ਤੋਂ ਆਏ ਹਨ। ਸਿੰਧ ਵਿਚ ਡੇਂਗੂ ਨਾਲ ਘੱਟੋ-ਘੱਟ 26 ਲੋਕਾਂ ਦੀ ਮੌਤ ਹੋਈ ਹੈ, ਇਸਲਾਮਾਬਾਦ ਵਿਚ 22, ਪੰਜਾਬ ਵਿਚ 14, ਬਲੋਚਿਸਤਾਨ ਵਿਚ 3 ਅਤੇ ਇਕ ਹੋਰ ਖੇਤਰ ਵਿਚ ਹੋਈ ਹੈ।


Vandana

Content Editor

Related News