UN Report: ਅਫਗਾਨਿਸਤਾਨ ’ਚ ਦਾਖਲ ਹੋਏ ਪਾਕਿ ਦੇ 6,000 ਅੱਤਵਾਦੀ, ਤਾਲਿਬਾਨ ਦਾ TTP ਨਾਲ ਰਿਸ਼ਤਾ ਬਰਕਰਾਰ
Wednesday, Jul 28, 2021 - 05:35 PM (IST)
ਇਸਲਾਮਾਬਾਦ– ਪਾਕਿਸਤਾਨ ਦਾ ਅੱਤਵਾਦ ਅਤੇ ਅੱਤਵਾਦੀਆਂ ਨਾਲ ਪਿਆਰ ਬਾਰੇ ਪੁਰੀ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਹੈ। ਕਈ ਪਾਕਿਸਤਾਨੀ ਮੰਤਰੀ ਅਤੇ ਮੀਡੀਆ ਵੀ ਇਸ ਬਾਰੇ ਬੋਲ ਚੁੱਕੇ ਹਨ ਪਰ ਇਸ ਵਾਰ ਪਾਕਿ ਦੇ ਸਰਕਾਰੀ ਅਖਬਾਰ ਡਾਨ ਨੇ ਹੀ ਪਾਕਿਸਤਾਨ ਦੀਆਂ ਕਰਤੂਤਾਂ ਤੋਂ ਪਰਦਾ ਚੁੱਕ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਲਈ ਤਿਆਰ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨੀ ਮੀਡੀਆ ਡਾਨ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨੇ ਤਾਲਿਬਾਨ ਨਾਲ ਸੰਬੰਧ ਬਣਾਈ ਰੱਖਿਆ ਹੈ ਕਿਉਂਕਿ ਉਸ ਦੇ ਲਗਭਗ 6,000 ਅੱਤਵਾਦੀ ਸਰਹੱਦ ਪਾਰ ਕਰਕੇ ਅਫਗਾਨ ਖੇਤਰ ’ਚ ਪੁੱਜ ਗਏ ਹਨ।
ਯੂ.ਐੱਨ. ਐਨਾਲਿਟਿਕਲ ਸਪੋਰਟ ਐਂਡ ਸੈਕਸ਼ਨ ਮਾਨੀਟਰਿੰਗ ਟੀਮ ਦੀ 28ਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ’ਚ ਵੱਖ-ਵੱਖ ਦੇਸ਼ਾਂ ਅਤੇ ਅੱਤਵਾਦੀ ਸਮੂਹਾਂ ਦੇ ਅੱਤਵਾਦੀ ਸਰਗਰਮ ਹਨ ਅਤੇ ਇਨ੍ਹਾਂ ’ਚ ਜ਼ਿਆਦਾਤਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਿਗਰਾਨੀ ਦਲ ਦਾ ਅਨੁਮਾਨ ਹੈ ਕਿ ਵਿਦੇਸ਼ੀ ਅੱਤਵਾਦੀ ਲੜਾਕਿਆਂ ਦੀ ਗਿਣਤੀ ਲਗਭਗ 8,000 ਅਤੇ 10,000 ਦੇ ਵਿਚਕਾਰ ਹੋਵੇਗੀ, ਜਿਸ ਵਿਚ ਮੁੱਖ ਰੂਪ ਨਾਲ ਮੱਧ ਏਸ਼ੀਆ, ਰੂਸੀ ਸੰਘ ਦੇ ਉੱਤਰੀ ਕਾਕੇਸ਼ਸ ਖੇਤਰ, ਪਾਕਿਸਤਾਨ ਅਤੇ ਚੀਨ ਦੇ ਸ਼ਿਨਜਿਆਂਗ ਉਈਗਰ ਖੁਦਮੁਖਤਿਆਰੀ ਖੇਤਰ ਦੇ ਲੜਾਕੇ ਸ਼ਾਮਲ ਹਨ।
ਡਾਨ ਦੀ ਖਬਰ ’ਚ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੰਗਰਹਾਰ ਸੂਬੇ ਦੇ ਪੂਰਬੀ ਜ਼ਿਲ੍ਹਿਆਂ ’ਚ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਸਥਿਤ ਹੈ।
ਦੱਸ ਦੇਈਏ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ, ਅਫਗਾਨ ਸੁਰੱਖਿਆ ਫੋਰਸ ’ਤੇ ਭਾਰੀ ਪੈ ਰਹੇ ਹਨ। ਕੰਧਾਰ ਦੇ ਆਪਣੇ ਗੜ੍ਹ ਦੇ ਨਾਲ ਹੀ ਤਾਲਿਬਾਨ ਨੇ ਇਕ ਤਿਹਾਈ ਜ਼ਿਲ੍ਹਿਆਂ ’ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਬੁੱਧਵਾਰ ਨੂੰ ਤਾਲਿਬਾਨ ਨੇ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਦੇ ਪ੍ਰਮੁੱਖ ਸਰਹੱਦ ਕ੍ਰਾਂਸਿੰਗ ’ਚੋਂ ਇਕ ’ਤੇ ਕਬਜ਼ਾ ਕਰ ਲਿਆ। ਇਕ ਨਿਊਜ਼ ਏਜੰਸੀ ਮੁਤਾਬਕ, ਇਹ ਉਨ੍ਹਾਂ ਸਭ ਤੋਂ ਮਹੱਤਵਪੂਰਨ ਉਦੇਸ਼ਾਂ ’ਚੋਂ ਇਕ ਹੈ ਜਿਸ ਨੂੰ ਤਾਲਿਬਾਨ ਨੇ ਹੁਣ ਤਕ ਦੇਸ਼ ਭਰ ’ਚ ਤੇਜ਼ੀ ਨਾਲ ਅੱਗੇ ਵਧਣ ਦੌਰਾਨ ਹਾਸਿਲ ਕੀਤਾ ਹੈ।