ਪਾਕਿ ਮੰਤਰੀ ਦਾ ਵੱਡਾ ਬਿਆਨ, ਕਿਹਾ- ਸਾਨੂੰ ਭਾਰਤ ਤੋਂ ਨਹੀਂ ਸਗੋਂ ਇਸਲਾਮਿਕ ਕੱਟੜਪੰਥੀਆਂ ਤੋਂ ਵੱਡਾ ਖਤਰਾ

Friday, Nov 19, 2021 - 10:33 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਮਰਾਨ ਸਰਕਾਰ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪਾਕਿਸਤਾਨ ਵਿਚ ਮੁਸਲਿਮ ਕੱਟੜਪੰਥੀਆਂ ਨੂੰ ਹੱਲਾਸ਼ੇਰੀ ਦੇਣ ਵਿੱਚ ਲੱਗੀ ਇਮਰਾਨ ਖ਼ਾਨ ਸਰਕਾਰ ਲਈ ਧਾਰਮਿਕ ਕੱਟੜਵਾਦ ਹੁਣ ਮੁਸੀਬਤ ਬਣ ਗਿਆ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਮੰਨਿਆ ਹੈ ਕਿ ਦੇਸ਼ ਨੂੰ ਸਭ ਤੋਂ ਵੱਡਾ ਖ਼ਤਰਾ ਭਾਰਤ ਅਤੇ ਅਮਰੀਕਾ ਤੋਂ ਨਹੀਂ ਸਗੋਂ ਧਾਰਮਿਕ ਕੱਟੜਵਾਦ ਤੋਂ ਹੈ। ਚੌਧਰੀ ਨੇ ਕਿਹਾ ਕਿ ਦੇਸ਼ ਦੇ ਸਕੂਲ ਅਤੇ ਕਾਲਜ ਵਿਦਿਆਰਥੀਆਂ ਅੰਦਰ ਧਾਰਮਿਕ ਕੱਟੜਵਾਦ ਨੂੰ ਵਧਾਵਾ ਦੇ ਰਹੇ ਹਨ।

ਫਵਾਦ ਚੌਧਰੀ ਨੇ ਕੁਝ ਸਾਲ ਪਹਿਲਾਂ ਦਾਅਵਾ ਕੀਤਾ ਸੀ ਕਿ ਮਦਰਸੇ ਦੇਸ਼ ਵਿੱਚ ਧਾਰਮਿਕ ਕੱਟੜਤਾ ਨੂੰ ਵਧਾਵਾ ਦੇ ਰਹੇ ਹਨ। ਹੁਣ ਫਵਾਦ ਚੌਧਰੀ ਨੇ ਆਪਣੇ ਬਿਆਨ ਤੋਂ ਪਲਟ ਗਏ ਹਨ। ਉਹਨਾਂ ਨੇ ਅੱਤਵਾਦ 'ਤੇ ਆਯੋਜਿਤ ਇਕ ਚਰਚਾ ਵਿਚ ਕਿਹਾ ਕਿ 80 ਅਤੇ 90 ਦੇ ਦਹਾਕੇ 'ਚ ਜਿਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਸੀ, ਉਨ੍ਹਾਂ ਦੀ ਨਿਯੁਕਤੀ ਇਕ ਸਾਜ਼ਿਸ਼ ਤਹਿਤ ਕੀਤੀ ਗਈ ਸੀ ਤਾਂ ਜੋ ਵਿਦਿਆਰਥੀਆਂ ਨੂੰ ਅੱਤਵਾਦ ਦੀ ਸਿੱਖਿਆ ਦਿੱਤੀ ਜਾ ਸਕੇ। ਚੌਧਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਅਤਿਵਾਦ ਦੀਆਂ ਕਈ ਚਰਚਿਤ ਘਟਨਾਵਾਂ ਵਿੱਚ ਸਾਧਾਰਨ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਸ਼ਾਮਲ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਭਾਰਤ-ਆਸਟ੍ਰੇਲੀਆ ਸਬੰਧ ਸਮੇਂ ਦੇ ਨਾਲ ਹੋਰ ਹੋਣਗੇ ਮਜ਼ਬੂਤ : ਸਕੌਟ ਮੌਰੀਸਨ

ਸਾਨੂੰ ਭਾਰਤ ਤੋਂ ਹਮਲੇ ਦਾ ਕੋਈ ਖਤਰਾ ਨਹੀਂ
ਚੌਧਰੀ ਨੇ ਦਾਅਵਾ ਕੀਤਾ ਕਿ ਕਰੀਬ 300 ਸਾਲ ਪਹਿਲਾਂ ਤੱਕ ਦੇਸ਼ ਦੇ ਪੰਜਾਬ, ਖੈਬਰ ਪਖਤੂਨਖਵਾ ਇਲਾਕੇ ਵਿੱਚ ਕੱਟੜਤਾ ਨਹੀਂ ਪਾਈ ਗਈ। ਉਸ ਸਮੇਂ ਧਾਰਮਿਕ ਕੱਟੜਤਾ ਉਨ੍ਹਾਂ ਹਿੱਸਿਆਂ ਵਿੱਚ ਸੀ ਜੋ ਹੁਣ ਭਾਰਤ ਵਿੱਚ ਹਨ। ਉਨ੍ਹਾਂ ਇਸ ਗੱਲ 'ਤੇ ਡੂੰਘੀ ਨਿਰਾਸ਼ਾ ਜ਼ਾਹਰ ਕੀਤੀ ਕਿ ਅੱਜ ਪਾਕਿਸਤਾਨ ਧਾਰਮਿਕ ਕੱਟੜਪੰਥ ਦੇ ਗੰਭੀਰ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕਿਹਾ ਕਿ ਸਾਨੂੰ ਭਾਰਤ ਜਾਂ ਅਮਰੀਕਾ ਤੋਂ ਕਿਸੇ ਹਮਲੇ ਦਾ ਖ਼ਤਰਾ ਨਹੀਂ ਹੈ। ਸਾਡੇ ਕੋਲ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਫ਼ੌਜ ਹੈ। ਸਾਡੇ ਕੋਲ ਐਟਮ ਬੰਬ ਹੈ। ਭਾਰਤ ਸਾਡਾ ਮੁਕਾਬਲਾ ਨਹੀਂ ਕਰ ਸਕਦਾ। ਸਾਨੂੰ ਯੂਰਪ ਤੋਂ ਕੋਈ ਖ਼ਤਰਾ ਨਹੀਂ ਹੈ। ਅੱਜ ਅਸੀਂ ਜਿਸ ਸਭ ਤੋਂ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ, ਉਹ ਸਾਡੇ ਅੰਦਰ ਹੈ, ਯਾਨੀ ਪਾਕਿਸਤਾਨ ਤੋਂ।

ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਦੇਸ਼ 'ਚ ਅੱਤਵਾਦ 'ਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਰਾਜ ਇਸ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਤਹਿਰੀਕ-ਏ-ਲਬੈਕ ਨਾਲ ਵਿਵਾਦ ਦੌਰਾਨ ਸਰਕਾਰ ਨੂੰ ਪਿੱਛੇ ਹਟਣਾ ਪਿਆ। ਉਨ੍ਹਾਂ ਕਿਹਾ ਕਿ ਇਹ ਟਾਈਮ ਬੰਬ ਵਾਂਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੱਟੜਤਾ ਦਾ ਇਸਲਾਮ ਜਾਂ ਕਿਸੇ ਹੋਰ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਧਰਮ ਦੀ ਗਲਤ ਵਿਆਖਿਆ ਕਰਨ ਵਾਲਿਆਂ ਤੋਂ ਹੈ।

ਨੋਟ- ਕੀ ਤੁਸੀਂ ਪਾਕਿਸਤਾਨੀ ਮੰਤਰੀ ਦੇ ਬਿਆਨ ਨਾਲ ਸਹਿਮਤ ਹੋ, ਕੁਮੈਂਟ ਕਰ ਦਿਓ ਰਾਏ।


Vandana

Content Editor

Related News