ਨਾਈਜੀਰੀਆ ''ਚ ਸੰਘਰਸ਼ ਦੌਰਾਨ ਇਕ ਦਹਾਕੇ ''ਚ ਮਾਰੇ ਗਏ 36 ਹਜ਼ਾਰ ਲੋਕ

Wednesday, Dec 25, 2019 - 01:51 PM (IST)

ਨਾਈਜੀਰੀਆ ''ਚ ਸੰਘਰਸ਼ ਦੌਰਾਨ ਇਕ ਦਹਾਕੇ ''ਚ ਮਾਰੇ ਗਏ 36 ਹਜ਼ਾਰ ਲੋਕ

ਸੰਯੁਕਤ ਰਾਸ਼ਟਰ- ਉੱਤਰੀ ਨਾਈਜੀਰੀਆ ਵਿਚ ਅੱਤਵਾਦੀ ਸੰਗਠਨ ਬੋਕੋ ਹਰਾਮ ਨੇ ਕਈ ਨਿਰਦੋਸ਼ੇ ਲੋਕਾਂ ਦਾ ਕਤਲ ਕਰ ਦਿੱਤਾ ਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਅਗਵਾ ਕਰ ਲਿਆ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟਿਫਨ ਦੁਜਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਤਲ ਤੇ ਕਿਡਨੈਪਿੰਗ ਦੀਆਂ ਵਾਰਦਾਤਾਂ ਯੋਬੇ ਤੇ ਬੋਰਨੋ ਸੂਬਿਆਂ ਨੂੰ ਜੋੜਨ ਵਾਲੇ ਦਮਾਤੁਰੂ-ਬੀਯੂ ਰਸਤੇ 'ਤੇ ਸੋਮਵਾਰ ਨੂੰ ਵੀ ਹੋਈਆਂ। ਉਹਨਾਂ ਨੇ ਇਸ ਸਬੰਧ ਵਿਚ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। ਸੰਯੁਕਤ ਰਾਸ਼ਟਰ ਤੇ ਮਨੁੱਖੀ ਮੁਹਿੰਮਾਂ ਵਿਚ ਉਹਨਾਂ ਦੇ ਸਹਿਯੋਗੀਆਂ ਨੇ ਹਿੰਸਾ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਤੇ ਨਾਈਜੀਰੀਆਈ ਅਧਿਕਾਰੀਆਂ ਨੂੰ ਅਜਿਹੀਆਂ ਘਟਨਾਵਾਂ ਰੋਕਣ ਤੇ ਨਾਗਰਿਕਾਂ ਦੀ ਰੱਖਿਆ ਕਰਨ ਲਈ ਹਰ ਮੁਮਕਿਨ ਕਦਮ ਚੁੱਕਣ ਦੀ ਅਪੀਲ ਕੀਤੀ। ਬੋਰਨੋ ਤੋਂ ਹੀ ਕਰੀਬ ਇਕ ਦਹਾਕੇ ਪਹਿਲਾਂ ਬੋਕੋ ਹਰਾਮ ਦੀ ਸ਼ੁਰੂਆਤ ਹੋਈ ਸੀ ਤੇ ਇਥੇ ਬੋਕੋ ਹਰਾਮ ਨੇ ਸਭ ਤੋਂ ਘਾਤਕ ਹਮਲੇ ਕੀਤੇ ਹਨ। ਦੁਜਾਰਿਕ ਨੇ ਕਿਹਾ ਕਿ ਉਦੋਂ ਤੋਂ ਲੈ ਕੇ ਹੁਣ ਤੱਕ 36,000 ਲੋਕ ਸੰਘਰਸ਼ ਵਿਚ ਮਾਰੇ ਗਏ ਹਨ, ਜਿਹਨਾਂ ਵਿਚ ਅੱਧੇ ਤੋਂ ਜ਼ਿਆਦਾ ਆਮ ਨਾਗਰਿਕ ਸਨ। 

ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਤੋਨੀਓ ਗੁਤਾਰੇਸ ਨੇ ਨਾਗਰਿਕਾਂ ਦੀ ਹੱਤਿਆ ਤੇ ਕਿਡਨੈਪਿੰਗ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਨਾਲ ਹੀ ਦੋਸ਼ੀਆਂ ਨੂੰ ਨਿਆ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮੁਖੀ ਨੇ ਪੀੜਤਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕੀਤੀ ਤੇ ਨਾਈਜੀਰੀਆ ਦੇ ਲੋਕਾਂ ਤੇ ਸਰਕਾਰ ਦੇ ਨਾਲ ਏਕਤਾ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਜ਼ਾਹਿਰ ਕੀਤੀ। 


author

Baljit Singh

Content Editor

Related News