ਵਿਆਹ ਤੋਂ ਬਾਅਦ ਸਪਾਊਸ ਨੂੰ ਆਸਾਨੀ ਨਾਲ ਸੱਦਿਆ ਜਾ ਸਕੇਗਾ ਨਿਊਜ਼ੀਲੈਂਡ

Tuesday, Dec 10, 2019 - 04:40 PM (IST)

ਵਿਆਹ ਤੋਂ ਬਾਅਦ ਸਪਾਊਸ ਨੂੰ ਆਸਾਨੀ ਨਾਲ ਸੱਦਿਆ ਜਾ ਸਕੇਗਾ ਨਿਊਜ਼ੀਲੈਂਡ

ਵੈਲਿੰਗਟਨ- ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਬੀਤੇ ਮਹੀਨੇ ਮਹੀਨੇ ਵੀਜ਼ਾ ਨਿਯਮਾਂ ਵਿਚ ਕੀਤੀ ਸੋਧ ਤੋਂ ਬਾਅਦ ਹੁਣ ਦੇਸ਼ ਤੋਂ ਬਾਹਰ ਵਿਆਹੇ ਜੋੜਿਆਂ ਦਾ ਨਿਊਜ਼ੀਲੈਂਡ ਵਿਚ ਰਹਿਣਾ ਸੌਖਾਲਾ ਹੋ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਜਾਂ ਹੋਰ ਦੇਸ਼ਾਂ ਵਿਚ ਵਿਆਹ ਕਰਨ ਵਾਲੇ ਨਿਊਜ਼ੀਲੈਂਡ ਵਾਸੀ ਨੂੰ ਆਪਣੇ ਜੀਵਨ ਸਾਥੀ ਨੂੰ ਨਿਊਜ਼ੀਲੈਂਡ ਸੱਦਣਾ ਬਹੁਤ ਮੁਸ਼ਕਲ ਸੀ। ਬੀਤੇ ਮਹੀਨੇ ਹੋਈ ਸੋਧ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਾਸੀਆਂ ਦੇ ਜੀਵਨ ਸਾਥੀ ਨੂੰ ਵੀ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਮਿਲ ਸਕੇਗਾ।

ਟਾਈਮਸ ਆਫ ਇੰਡੀਆ ਅਖਬਾਰ ਵਿਚ ਛਪੀ ਖਬਰ ਮੁਤਾਬਕ ਨਿਊਜ਼ੀਲੈਂਡ ਦੇ ਰਹਿਣ ਵਾਲੇ ਆਈਟੀ ਇੰਜੀਨੀਅਰ ਰਮਨ ਸਿੰਘ ਨੇ ਇਸੇ ਸਾਲ ਜਨਵਰੀ ਮਹੀਨੇ ਭਾਰਤ ਵਿਚ ਵਿਆਹ ਕਰਵਾਇਆ ਸੀ ਤੇ ਉਹ ਆਪਣੀ ਪਤਨੀ ਨੂੰ ਵੀ ਆਪਣੇ ਕੋਲ ਸੱਦਣ ਦਾ ਚਾਹਵਾਨ ਸੀ। ਇਸ ਲਈ ਉਸ ਨੇ ਆਪਣੀ ਪਤਨੀ ਨੂੰ ਨਿਊਜ਼ੀਲੈਂਡ ਸੱਦਣ ਲਈ ਅਪਲਾਈ ਕੀਤਾ ਪਰ ਉਸ ਦੀ ਅਰਜ਼ੀ ਇਸ ਲਈ ਖਾਰਿਜ ਕਰ ਦਿੱਤੀ ਗਈ ਕਿਉਂਕਿ ਉਹਨਾਂ ਦਾ ਵਿਆਹ ਨਿਊਜ਼ੀਲੈਂਡ ਤੋਂ ਬਾਹਰ ਹੋਇਆ ਸੀ।

ਰਮਨ ਸਿੰਘ (27) ਛੋਟੀ ਉਮਰੇ ਹੀ ਆਪਣੇ ਪਰਿਵਾਰ ਨਾਲ ਨਿਊਜ਼ੀਲੈਂਡ ਆ ਕੇ ਵੱਸ ਗਏ ਸਨ ਤੇ ਉਹਨਾਂ ਨੂੰ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਮਿਲੀ ਹੋਈ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਉਸ ਨੂੰ ਆਪਣੀ ਭਾਰਤੀ ਵਿਰਾਸਤ ਨਾਲ ਪਿਆਰ ਹੈ ਤੇ ਉਸ ਨੇ ਆਪਣੇ ਮਾਪਿਆਂ ਦੇ ਕਹਿਣ 'ਤੇ ਭਾਰਤ ਵਿਚ ਆਪਣੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਇਸ ਦੌਰਾਨ ਇਕ ਅੰਕੜੇ ਵਿਚ ਇਹ ਵੀ ਦੱਸਿਆ ਗਿਆ ਕਿ ਇਸੇ ਸਾਲ ਮਈ ਮਹੀਨੇ ਤੋਂ ਸਪਾਊਸ ਅਧਾਰਿਤ 1200 ਵਿਜ਼ਟਰ ਵੀਜ਼ਾ ਅਰਜ਼ੀਆਂ ਖਾਰਿਜ ਕੀਤੀਆਂ ਗਈਆਂ ਹਨ। ਸੰਯੁਕਤ ਰਾਸ਼ਟਰ ਸਟੈਟਿਸਟਿਕਸ ਦੇ ਮੁਤਾਬਕ 71 ਹਜ਼ਾਰ ਤੋਂ ਵਧੇਰੇ ਭਾਰਤੀ ਨਿਊਜ਼ੀਲੈਂਡ ਵਿਚ ਰਹਿੰਦੇ ਹਨ, ਜਿਸ ਨੂੰ ਦੇਖਦਿਆਂ ਇਮੀਗ੍ਰੇਸ਼ਨ ਵਿਭਾਗ ਵਲੋਂ ਇਹ ਸੋਧ ਕੀਤੀ ਗਈ ਹੈ।

ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਸੀਨੀਅਰ ਸਲਾਹਕਾਰ ਫੀਲਿਕਸ ਮਾਰਵਿਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਜਿਹੇ ਲੋਕਾਂ ਨੂੰ ਵਿਅਕਤੀਗਤ ਤੌਰ 'ਤੇ ਨਿਊਜ਼ੀਲੈਂਜ ਦਾ ਵਿਜ਼ਟਰ ਵੀਜ਼ਾ ਦਿੱਤਾ ਜਾਂਦਾ ਸੀ ਜੋ ਨਿਊਜ਼ੀਲੈਂਡ ਆ ਕੇ ਇਥੋਂ ਦੇ ਵਸਨੀਕ ਜਾਂ ਰੈਜ਼ੀਡੈਂਸ ਕਲਾਸ ਵੀਜ਼ਾ ਹੋਲਡਰ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰ ਅਜਿਹੇ ਕਿਸੇ ਦਾ ਵੀ ਵੀਜ਼ਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸੀ ਜੋ ਦੇਸ਼ ਤੋਂ ਬਾਹਰ ਵਿਆਹ ਕਰਵਾ ਕੇ ਨਿਊਜ਼ੀਲੈਂਡ ਆਉਣਾ ਚਾਹੁੰਦਾ ਸੀ।

ਉਹਨਾਂ ਅੱਗੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਨੇ ਆਪਣੇ ਵੀਜ਼ਾ ਨਿਯਮਾਂ ਵਿਚ ਨਵੰਬਰ ਮਹੀਨੇ ਸੋਧ ਕੀਤੀ ਹੈ, ਜਿਸ ਦੌਰਾਨ ਅਰੇਂਜਡ ਮੈਰਿਜ ਤੋਂ ਬਾਅਦ ਨਿਊਜ਼ੀਲੈਂਡ ਦਾ ਵੀਜ਼ਾ ਹਾਸਲ ਕਰਨ ਦੀ ਨੀਤੀ ਵਿਚ ਬਦਲਾਅ ਕੀਤਾ ਗਿਆ। ਇਸ ਨਾਲ ਨਿਊਜ਼ੀਲੈਂਡ ਵਾਸੀ ਦੇ ਜੀਵਨ ਸਾਥੀ ਤੇ ਉਸ ਦੇ ਪਰਿਵਾਰ ਨੂੰ ਦੇਸ਼ ਦਾ ਵਿਜ਼ਟਰ ਵੀਜ਼ਾ ਸੌਖਾਲਾ ਮਿਲ ਸਕੇਗਾ। ਮੈਕਲੀਮੌਂਟ ਐਂਡ ਐਸੋਸੀਏਟਸ ਦੇ ਫਾਊਂਡਰ ਅਲਾਸਟੇਰ ਮੈਕਲਮੌਂਟ ਨੇ ਕਿਹਾ ਕਿ ਇਸ ਦੌਰਾਨ ਦੇਸ਼ ਤੋਂ ਬਾਹਰ ਆਪਣੇ ਦੇਸ਼ ਵਿਚ ਵਿਆਹ ਕਰਵਾਉਣ ਵਾਲੇ ਦੇਸ਼ ਵਾਸੀ ਦੇ ਸਾਥੀ ਨੂੰ ਤਿੰਨ ਮਹੀਨੇ ਦਾ ਵਿਜ਼ਟਰ ਵੀਜ਼ਾ ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੌਰਾਨ ਜੋੜਿਆਂ ਨੂੰ ਇਹ ਵੀ ਸਾਬਿਤ ਕਰਨ ਦੀ ਲੋੜ ਨਹੀਂ ਹੋਵੇਗੀ ਕਿ ਉਹ ਇਕੱਠੇ ਰਹਿ ਰਹੇ ਹਨ। ਉਹਨਾਂ ਨੂੰ ਸਿਰਫ ਆਪਣੇ ਵਿਆਹ ਸਬੰਧੀ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਮਾਰਵਿਕ ਨੇ ਕਿਹਾ ਕਿ ਨਿਯਮਾਂ ਵਿਚ ਸੋਧ ਨਾਲ ਜੋੜਿਆਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲੇਗਾ ਤੇ ਉਹ ਇਸ ਦੌਰਾਨ ਪਾਰਟਨਰਸ਼ਿਪ ਵੀਜ਼ਾ ਸ਼ਰਤਾਂ ਨੂੰ ਪੂਰਾ ਕਰ ਸਕਣਗੇ। ਇਸ ਸੋਧ ਤੋਂ ਬਾਅਦ ਨਿਊਜ਼ੀਲੈਂਡ ਦੀ ਇਮੀਗ੍ਰਸ਼ਨ ਅਥਾਰਟੀ ਵਲੋਂ ਸਿੰਘ ਨੂੰ ਮੁੜ ਆਪਣੀ ਪਤਨੀ ਲਈ ਵੀਜ਼ਾ ਅਪਲਾਈ ਕਰਨ ਦੀ ਸਲਾਹ ਦਿੱਤੀ ਗਈ ਹੈ।


author

Baljit Singh

Content Editor

Related News