ਹੁਣ ਭਾਰਤ ਨਾਲ ਵਿਵਾਦਿਤ ਖੇਤਰਾਂ ਵਾਲੇ ਨੋਟ ਛਾਪੇਗਾ ਨੇਪਾਲ
Wednesday, Sep 04, 2024 - 03:22 AM (IST)
ਇੰਟਰਨੈਸ਼ਨਲ ਡੈਸਕ : ਨੇਪਾਲ ਦਾ ਕੇਂਦਰੀ ਬੈਂਕ ਇਕ ਸਾਲ ਦੇ ਅੰਦਰ ਸੰਸ਼ੋਧਿਤ ਨਕਸ਼ੇ ਦੇ ਨਾਲ ਨਵੇਂ ਬੈਂਕ ਨੋਟ ਛਾਪਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਭਾਰਤ ਨਾਲ ਵਿਵਾਦ ਅਧੀਨ ਖੇਤਰ ਵੀ ਸ਼ਾਮਲ ਹੋਣਗੇ। ਮੰਗਲਵਾਰ ਨੂੰ ਮੀਡੀਆ 'ਚ ਪ੍ਰਕਾਸ਼ਿਤ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ।
ਆਨਲਾਈਨ ਨਿਊਜ਼ ਪੋਰਟਲ 'ਨੇਪਾਲਖਬਾਰ ਡਾਟ ਕਾਮ' ਨੇ ਨੇਪਾਲ ਰਾਸ਼ਟਰ ਬੈਂਕ ਦੇ ਸੰਯੁਕਤ ਬੁਲਾਰੇ ਦਿਲੀਰਾਮ ਪੋਖਰਲ ਦੇ ਹਵਾਲੇ ਨਾਲ ਕਿਹਾ ਕਿ ਨੇਪਾਲ ਰਾਸ਼ਟਰ ਬੈਂਕ ਨੇ ਪਹਿਲਾਂ ਹੀ ਨਵੇਂ ਨਕਸ਼ੇ ਦੇ ਨਾਲ ਬੈਂਕ ਨੋਟਾਂ ਦੀ ਛਪਾਈ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਕਾਲਾਪਾਨੀ, ਲਿਪੁਲੇਖ ਅਤੇ ਲਿਮਪੀਆਧੁਰਾ ਨੂੰ ਸ਼ਾਮਲ ਕੀਤਾ ਗਿਆ ਹੈ।
ਪੋਖਰੈਲ ਨੇ ਕਿਹਾ ਕਿ ਬੈਂਕ ਨੇ ਨਵੇਂ ਨੋਟਾਂ ਦੀ ਛਪਾਈ ਦੀ ਪ੍ਰਕਿਰਿਆ ਪਹਿਲਾਂ ਹੀ ਅੱਗੇ ਵਧਾ ਦਿੱਤੀ ਹੈ ਅਤੇ ਇਹ ਛੇ ਮਹੀਨਿਆਂ ਤੋਂ ਇੱਕ ਸਾਲ ਵਿੱਚ ਪੂਰਾ ਹੋ ਜਾਵੇਗਾ। ਹਾਲਾਂਕਿ, ਜਦੋਂ ਨਿਊਜ਼ ਪੋਰਟਲ ਦੀਆਂ ਖ਼ਬਰਾਂ 'ਤੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਬੈਂਕ ਦੇ ਬੁਲਾਰੇ ਟਿੱਪਣੀ ਲਈ ਉਪਲਬਧ ਨਹੀਂ ਸਨ।
3 ਮਈ ਨੂੰ, ਤਤਕਾਲੀ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਦੀ ਅਗਵਾਈ ਹੇਠ ਨੇਪਾਲ ਦੀ ਕੈਬਨਿਟ ਨੇ ਸੋਧੇ ਹੋਏ ਨਕਸ਼ੇ ਨੂੰ ਸ਼ਾਮਲ ਕਰਦੇ ਹੋਏ ਨਵੇਂ ਬੈਂਕ ਨੋਟ ਛਾਪਣ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਕਾਲਾਪਾਨੀ, ਲਿਪੁਲੇਖ ਅਤੇ ਲਿਮਪੀਆਧੁਰਾ ਨੂੰ ਨੇਪਾਲ ਦਾ ਹਿੱਸਾ ਦਿਖਾਇਆ ਗਿਆ ਸੀ। ਭਾਰਤ ਨੇ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਲਿਪੁਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਉਸ ਦੇ ਖੇਤਰ ਹਨ।