''ਸੁਪਨੇ ਦੇਖਣਾ ਬੰਦ ਕਰੋ..!'' ਉੱਤਰੀ ਕੋਰੀਆ ਦੀ ਅਮਰੀਕਾ ਨੂੰ ਸਿੱਧੀ ਚਿਤਾਵਨੀ
Monday, Jun 08, 2026 - 05:50 PM (IST)
ਇੰਟਰਨੈਸ਼ਨਲ ਡੈਸਕ- ਉੱਤਰ ਕੋਰੀਆ ਦੀ ਆਗੂ ਅਤੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਅਮਰੀਕਾ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਪ੍ਰਮਾਣੂ ਹਥਿਆਰਾਂ ਤੋਂ ਕਦੇ ਵੀ ਮੁਕਤ ਨਹੀਂ ਹੋਵੇਗਾ। ਐਤਵਾਰ ਨੂੰ ਜਾਰੀ ਕੀਤੇ ਬਿਆਨ ਵਿਚ ਕਿਮ ਜੋਂਗ ਉਨ ਦੀ ਭੈਣ ਨੇ ਅਮਰੀਕਾ ਦੇ ਪ੍ਰਮਾਣੂ ਨਿਰਸਤਰੀਕਰਨ (disarmament) ਦੇ ਯਤਨਾਂ ਨੂੰ ‘ਬੀਤੇ ਜ਼ਮਾਨੇ ਦਾ ਅਵਿਵਹਾਰਕ ਸਪਨਾ’ ਕਰਾਰ ਦਿੱਤਾ। ਕਿਮ ਯੋ ਜੋਂਗ ਨੇ ਸਾਫ਼ ਕਿਹਾ ਕਿ ਅਮਰੀਕੀ ਖ਼ਤਰਿਆਂ ਦੇ ਬਾਵਜੂਦ ਉੱਤਰ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਲਗਾਤਾਰ ਵਧਾਉਂਦਾ ਰਹੇਗਾ।
ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦਾ ਕੋਈ ਵੀ ਦਾਅਵਾ ਉੱਤਰ ਕੋਰੀਆ ਨੂੰ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਵਜੋਂ ਮਿਲੇ ਰੁਤਬੇ ਨੂੰ ਚੁਣੌਤੀ ਨਹੀਂ ਦੇ ਸਕਦਾ ਅਤੇ ਨਾ ਹੀ ਉਸ ਦਾ ਕੋਈ ਕਾਨੂੰਨੀ ਮਹੱਤਵ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸੋਮਵਾਰ ਨੂੰ ਉੱਤਰ ਕੋਰੀਆ ਦੀ ਯਾਤਰਾ ’ਤੇ ਪਹੁੰਚ ਰਹੇ ਹਨ। ਇਹ ਉਨ੍ਹਾਂ ਦੀ ਪਿਛਲੇ 7 ਸਾਲਾਂ ਵਿਚ ਪਹਿਲੀ ਉੱਤਰ ਕੋਰੀਆ ਯਾਤਰਾ ਹੋਵੇਗੀ, ਜਿਥੇ ਉਹ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ- ''ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!'' ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ
ਟਰੰਪ-ਸ਼ੀ ਗੱਲਬਾਤ ’ਤੇ ਝੂਠਾ ਦਾਅਵਾ
ਕਿਮ ਯੋ ਜੋਂਗ ਨੇ ਪਿਛਲੇ ਮਹੀਨੇ ਬੀਜਿੰਗ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਸਿਖਰ ਵਾਰਤਾ ਤੋਂ ਬਾਅਦ ਅਮਰੀਕਾ ਦੇ ਦਾਅਵਿਆਂ ਨੂੰ ‘ਝੂਠੀ ਜਾਣਕਾਰੀ’ ਦੱਸਿਆ। ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਸੀ ਕਿ ਦੋਵਾਂ ਆਗੂਆਂ ਨੇ ਉੱਤਰ ਕੋਰੀਆ ਦੇ ਪ੍ਰਮਾਣੂ ਨਿਰਸਤਰੀਕਰਨ ਦੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ। ਕਿਮ ਯੋ ਜੋਂਗ ਨੇ ਕਿਹਾ ਕਿ ਕੁਝ ਅਮਰੀਕੀ ਅਧਿਕਾਰੀ ਹਾਲੇ ਵੀ ਹਕੀਕਤ ਤੋਂ ਦੂਰ ਹਨ ਅਤੇ ਪੁਰਾਣੇ ਸੁਪਨਿਆਂ ਵਿਚੋਂ ਬਾਹਰ ਨਹੀਂ ਨਿਕਲ ਸਕੇ ਹਨ।
2019 ਦੀ ਅਸਫਲਤਾ ਤੋਂ ਬਾਅਦ ਪ੍ਰੋਗਰਾਮ ਤੇਜ਼
2019 ਵਿਚ ਕਿਮ ਜੋਂਗ ਉਨ ਅਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਈ ਗੱਲਬਾਤ ਅਸਫਲ ਹੋ ਜਾਣ ਤੋਂ ਬਾਅਦ ਉੱਤਰ ਕੋਰੀਆ ਨੇ ਆਪਣੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕਿਮ ਜੋਂਗ ਉਨ ਅੰਤਰਰਾਸ਼ਟਰੀ ਭਾਈਚਾਰੇ ਤੋਂ ਉੱਤਰ ਕੋਰੀਆ ਨੂੰ ਪ੍ਰਮਾਣੂ ਸ਼ਕਤੀ ਵਜੋਂ ਰਸਮੀ ਮਾਨਤਾ ਦਿਵਾਉਣਾ ਚਾਹੁੰਦੇ ਹਨ, ਤਾਂ ਜੋ ਦੇਸ਼ ’ਤੇ ਲੱਗੀਆਂ ਆਰਥਿਕ ਪਾਬੰਦੀਆਂ ਹਟਾਈਆਂ ਜਾ ਸਕਣ।
ਐਤਵਾਰ ਨੂੰ ਸਰਕਾਰੀ ਮੀਡੀਆ ਕੇ. ਸੀ. ਐੱਨ. ਏ. ਨੇ ਰਿਪੋਰਟ ਕੀਤਾ ਕਿ ਕਿਮ ਜੋਂਗ ਉਨ ਨੇ ਵੀਕੈਂਡ ’ਤੇ ਇਕ ਪ੍ਰਮੁੱਖ ਗੋਲਾ-ਬਾਰੂਦ ਕਾਰਖਾਨੇ ਦਾ ਨਿਰੀਖਣ ਕੀਤਾ ਅਤੇ ਉਥੇ ਉਤਪਾਦਨ ਸਮਰੱਥਾ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਦਾ ਉਦੇਸ਼ ਲੋੜੀਂਦੀ ਮਾਤਰਾ ਵਿਚ ਮਿਜ਼ਾਈਲਾਂ ਦੀ ਸਪਲਾਈ ਯਕੀਨੀ ਬਣਾਉਣਾ ਸੀ।
ਇਹ ਵੀ ਪੜ੍ਹੋ- ਟੀਚਰਾਂ ਲਈ LockDown ! ਹੁਣ ਨਹੀਂ ਹੋਵੇਗਾ ਪੇਪਰ 'ਲੀਕ', NEET-UG ਪ੍ਰੀਖਿਆ ਬਾਰੇ ਵੱਡੀ ਖ਼ਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
