ਤਾਨਾਸ਼ਾਹ ਕਿਮ ਜੋਂਗ ਉਨ ਨੇ ਕੀਤੀ ਚੀਨੀ ਰਾਸ਼ਟਰਪਤੀ ਦੀ ਤਾਰੀਫ

05/08/2020 12:08:10 PM

ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਕੋਰੋਨਾ ਮਹਾਮਾਰੀ ਨਾਲ ਸਫਲਤਾਪੂਰਵਕ ਨਜਿੱਠਣ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਾਰੀਫ ਕੀਤੀ ਹੈ। ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਨਿੱਜੀ ਸੰਦੇਸ਼ ਭੇਜਿਆ ਹੈ। ਇਸ ਤੋਂ ਠੀਕ ਪਹਿਲਾਂ ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਖੁਲਾਸਾ ਕੀਤਾ ਸੀ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਉੱਤਰੀ ਕੋਰੀਆ ਦੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਹੀ ਹੈ ਜੋ ਪਹਿਲਾਂ ਤੋਂ ਹੀ ਸ਼ਾਸਨ ਦੀਆਂ ਖਰਾਬ ਨੀਤੀਆਂ ਅਤੇ ਅਮਰੀਕੀ ਪਾਬੰਦੀਆਂ ਦੇ ਕਾਰਨ ਸੰਕਟ ਦਾ ਸਾਹਮਣਾ ਕਰ ਰਹੀ ਹੈ।

ਚੀਨ ਉੱਤਰੀ ਕੋਰੀਆ ਦਾ ਸਭ ਤੋਂ ਮਹੱਤਵਪੂਰਣ ਸਾਥੀ ਹੈ ਅਤੇ ਆਰਥਿਕ ਹਿੱਸੇਦਾਰ ਵੀ ਹੈ। ਉੱਤਰੀ ਕੋਰੀਆ ਦਾ 90 ਫੀਸਦੀ ਵਪਾਰ ਚੀਨ ਦੇ ਹੀ ਨਾਲ ਹੁੰਦਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈਕਿ ਚੀਨ ਵਿਚ ਕੋਰੋਨਾਵਾਇਰਸ ਦਾ ਪ੍ਰਭਾਵ ਘੱਟ ਹੋ ਰਿਹਾ ਹੈ। ਅਜਿਹੇ ਵਿਚ ਉੱਤਰੀ ਕੋਰੀਆ ਚੀਨ ਨਾਲ ਲੱਗਦੀ ਆਪਣੀ ਸਰਹੱਦ ਨੂੰ ਖੋਲ੍ਹ ਸਕਦਾ ਹੈ ਤਾਂ ਜੋ ਵਪਾਰ ਮੁੜ ਸ਼ੁਰੂ ਹੋ ਸਕੇ। ਉੱਤਰੀ ਕੋਰੀਆ ਨੇ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਵਿਚ ਹੀ ਚੀਨ ਨਾਲ ਲੱਗਦੀ ਸੀਮਾ ਨੂੰ ਬੰਦ ਕਰ ਦਿੱਤਾ ਸੀ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦਾ ਕਹਿਣਾ ਹੈਕਿ ਕਿਮ ਨੇ ਸ਼ੀ ਜਿਨਪਿੰਗ ਨੂੰ ਭੇਜੇ ਮੈਸੇਜ ਵਿਚ ਉਹਨਾਂ ਨੂੰ ਭਿਆਨਕ ਮਹਾਮਾਰੀ ਦੇ ਵਿਰੁੱਧ ਜੰਗ ਵਿਚ ਜਿੱਤ ਹਾਸਲ ਕਰਨ ਲਈ ਵਧਾਈ ਦਿੱਤੀ ਹੈ। ਭਾਵੇਂਕਿ ਇਹ ਨਹੀਂ ਸਪੱਸ਼ਟ ਹੋ ਸਕਿਆ ਕਿ ਇਹ ਮੈਸੇਜ ਕਦੋਂ ਭੇਜਿਆ ਗਿਆ।

ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਬੰਦ ਕਮਰੇ ਵਿਚ ਹੋਈ ਇਕ ਬੈਠਕ ਵਿਚ ਸਾਂਸਦਾਂ ਨੂੰ ਦੱਸਿਆ ਕਿ ਇਸ ਸਾਲ ਪਹਿਲੀ ਤਿਮਾਹੀ ਵਿਚ ਉੱਤਰੀ ਕੋਰੀਆ ਅਤੇ ਚੀਨ ਦੇ ਵਪਾਰ ਵਿਚ 55 ਫੀਸਦੀ ਦੀ ਗਿਰਾਵਟ ਆਈ ਹੈ। ਸਾਂਸਦਾਂ ਨੇ ਖੁਫੀਆ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮਾਰਚ ਮਹੀਨੇ ਵਿਚ ਦੋਹਾਂ ਦੇਸ਼ਾਂ ਦੇ ਵਪਾਰ ਵਿਚ 91 ਫੀਸਦੀ ਦੀ ਗਿਰਾਵਟ ਆਈ ਹੈ। ਉੱਤਰੀ ਕੋਰੀਆ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਆਪਣੇ ਦੇਸ਼ ਵਿਚ ਫੈਲਣ ਤੋਂ ਰੋਕਣ ਲਈ ਜਨਵਰੀ ਮਹੀਨੇ ਵਿਚ ਹੀ ਆਪਣੀ ਸੀਮਾਵਾਂ ਬੰਦ ਕਰ ਦਿੱਤੀਆਂ ਸਨ ਅਤੇ ਹਜ਼ਾਰਾਂ ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਸੀ।ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਉਸ ਦੇ ਇੱਥੇ ਹੁਣ ਤੱਕ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਇਕ ਵੀ ਮਾਮਲਾ ਨਹੀਂ ਹੈ ਭਾਵੇਂਕਿ ਉਸ ਦੇ ਇਸ ਦਾਅਵੇ 'ਤੇ ਸਾਰੇ ਵਿਸ਼ਲੇਸ਼ਕਾਂ ਨੂੰ ਸ਼ੱਕ ਹੈ।

ਪੜ੍ਹੋ ਇਹ ਅਹਿਮ ਖਬਰ- ਆਪਰੇਸ਼ਨ ਸਮੁੰਦਰ ਸੇਤੂ : ਦੇਸ਼ ਵਾਪਸੀ ਤੋਂ ਪਹਿਲਾਂ ਲੋਂੜੀਦੀ ਜਾਂਚ 'ਚੋਂ ਲੰਘੇ ਭਾਰਤੀ ਨਾਗਰਿਕ

ਦੱਖਣੀ ਕੋਰੀਆਈ ਦੇ ਇਕ ਸਾਂਸਦ ਨੇ ਇਸੇ ਹਫਤੇ ਕਿਹਾ ਸੀ ਕਿ ਸਾਡੀ ਇਟੈਂਲੀਜੈਂਸ ਉੱਤਰੀ ਕੋਰੀਆ ਵਿਚ ਕੋਰੋਨਾਵਾਇਰਸ ਮਹਾਮਾਰੀ  ਫੈਲਣ ਦੀ ਪੁਸ਼ਟੀ ਤਾਂ ਨਹੀਂ ਕਰ ਸਕਦੀ ਪਰ ਵੱਧਦੀ ਮੰਹਿਗਾਈ, ਪਿਓਂਗਯਾਂਗ ਵਿਚ ਅਚਾਨਕ ਖਰੀਦਦਾਰੀ ਲਈ ਇਕੱਠੇ ਹੋਏ ਲੋਕ ਅਤੇ ਕਿਮ ਜੋਂਗ ਉਨ ਦਾ ਜਨਤਕ ਤੌਰ 'ਤੇ ਘੱਟ ਨਜ਼ਰ ਆਉਣਾ, ਇਹ ਕੁਝ ਸੰਕੇਤ ਹੋ ਸਕਦੇ ਹਨ ਕਿ ਉੱਥੇ ਕੋਰੋਨਾਵਾਇਰਸ ਫੈਲਿਆ ਹੈ। ਉੱਤਰੀ ਕੋਰੀਆ ਦਾ ਗੁਆਂਢੀ ਦੇਸ਼ ਦੱਖਣੀ ਕੋਰੀਆ ਵੀ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਿਆ ਨਹੀਂ ਹੈ। ਦੱਖਣੀ ਕੋਰੀਆ ਵਿਚ ਕੋਰੋਨਾ ਇਨਫੈਕਸ਼ਨ ਦੇ 10,882 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ 256 ਮੌਤਾਂ ਹੋਈਆਂ ਹਨ। ਗੁਆਂਢੀ ਦੇਸ਼ ਦੀ ਸਥਿਤੀ ਦੇਖ ਕੇ ਉੱਤਰੀ ਕੋਰੀਆ ਦਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਦਾ ਇਕ ਵੀ ਮਾਮਲਾ ਨਾ ਹੋਣ ਦਾ ਦਾਅਵਾ ਹੋਰ ਵੀ ਸ਼ੱਕੀ ਨਜ਼ਰ ਆਉਂਦਾ ਹੈ।


Vandana

Content Editor

Related News