ਈਰਾਨ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਗ੍ਰਿਫ਼ਤਾਰ; ਨੋਬਲ ਕਮੇਟੀ ਨੇ ਪ੍ਰਗਟਾਈ ਡੂੰਘੀ ਚਿੰਤਾ

Saturday, Dec 13, 2025 - 04:29 PM (IST)

ਈਰਾਨ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਗ੍ਰਿਫ਼ਤਾਰ; ਨੋਬਲ ਕਮੇਟੀ ਨੇ ਪ੍ਰਗਟਾਈ ਡੂੰਘੀ ਚਿੰਤਾ

ਇੰਟਰਨੈਸ਼ਨਲ ਡੈਸਕ- ਈਰਾਨ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਦੇ ਸਮਰਥਕਾਂ ਨੇ ਦਿੱਤੀ ਹੈ। ਮੁਹੰਮਦੀ ਨੂੰ ਸ਼ੁੱਕਰਵਾਰ ਨੂੰ ਰਾਜਧਾਨੀ ਤਹਿਰਾਨ ਤੋਂ ਲਗਭਗ 680 ਕਿਲੋਮੀਟਰ ਦੂਰ ਮਸ਼ਹਦ ਵਿਖੇ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਇੱਕ ਮਨੁੱਖੀ ਅਧਿਕਾਰ ਵਕੀਲ ਦੀ ਸ਼ੋਕ ਸਭਾ ਵਿੱਚ ਸ਼ਾਮਲ ਹੋਣ ਗਈ ਸੀ, ਜਿਸਦੀ ਹਾਲ ਹੀ ਵਿੱਚ ਭੇਤਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਸੀ।

ਇੱਕ ਸਥਾਨਕ ਅਧਿਕਾਰੀ ਨੇ ਨਰਗਿਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ 53 ਸਾਲਾ ਮੁਹੰਮਦੀ ਨੂੰ ਤੁਰੰਤ ਉਸੇ ਜੇਲ੍ਹ ਵਿੱਚ ਵਾਪਸ ਭੇਜਿਆ ਜਾਵੇਗਾ ਜਿੱਥੇ ਉਹ ਸਜ਼ਾ ਕੱਟ ਰਹੀ ਸੀ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਦਸੰਬਰ 2024 ਵਿੱਚ ਡਾਕਟਰੀ ਕਾਰਨਾਂ ਕਰਕੇ ਜੇਲ੍ਹ ਤੋਂ ਅਸਥਾਈ ਤੌਰ 'ਤੇ ਰਿਹਾਅ ਕੀਤਾ ਗਿਆ ਸੀ।

ਨਾਰਵੇ ਦੀ ਨੋਬਲ ਕਮੇਟੀ ਨੇ ਮੁਹੰਮਦੀ ਦੀ ਗ੍ਰਿਫ਼ਤਾਰੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕਮੇਟੀ ਨੇ ਈਰਾਨੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਮੁਹੰਮਦੀ ਦੀ ਇਹ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਈਰਾਨ ਪਾਬੰਦੀਆਂ, ਕਮਜ਼ੋਰ ਅਰਥਚਾਰੇ ਅਤੇ ਇਜ਼ਰਾਈਲ ਨਾਲ ਜੰਗ ਦੇ ਖਦਸ਼ੇ ਵਿਚਾਲੇ ਬੁੱਧੀਜੀਵੀਆਂ ਅਤੇ ਹੋਰ ਲੋਕਾਂ 'ਤੇ ਸਖ਼ਤ ਕਾਰਵਾਈ ਕਰ ਰਿਹਾ ਹੈ।


author

Harpreet SIngh

Content Editor

Related News