ਪਹਿਲੀ ਵਾਰ ਚੀਨ 'ਚ ਕੋਵਿਡ-19 ਦਾ ਕੋਈ ਨਵਾਂ ਮਾਮਲਾ ਨਹੀਂ, ਇਟਲੀ 'ਚ ਭੜਥੂ

03/19/2020 9:51:43 AM

ਬੀਜਿੰਗ— ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿਸ਼ਵ ਪੱਧਰ 'ਤੇ ਹੁਣ ਤੱਕ ਘੱਟੋ-ਘੱਟ 2,08,503 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ, ਜਦਕਿ ਘੱਟੋ-ਘੱਟ 8,820 ਮੌਤਾਂ ਹੋ ਚੁੱਕੀਆਂ ਹਨ। ਵੱਡੀ ਖਬਰ ਇਹ ਹੈ ਕਿ ਬੀਤੇ ਦਿਨ ਚੀਨ 'ਚ ਇਨਫੈਕਸ਼ਨ ਦਾ ਕੋਈ ਵੀ ਹੋਰ ਨਵਾਂ ਮਾਮਲਾ ਦਰਜ ਨਹੀਂ ਹੋਇਆ ਹੈ। ਪਿਛਲੇ ਸਾਲ ਚੀਨ ਦੇ ਵੁਹਾਨ 'ਚ ਦਸੰਬਰ 'ਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ।

ਇਟਲੀ, ਫਰਾਂਸ ਤੇ ਈਰਾਨ 'ਚ ਜਿੱਥੇ ਮੌਤਾਂ ਦੀ ਗਿਣਤੀ ਵੱਧ ਗਈ ਹੈ, ਉੱਥੇ ਹੀ ਚੀਨ 'ਚ ਇਸ 'ਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀਤੇ ਦਿਨ 'ਚ ਸਿਰਫ 8 ਲੋਕਾਂ ਦੀ ਮੌਤ ਹੋਈ ਹੈ। ਚੀਨ ਦਾ ਕਹਿਣਾ ਹੈ ਕਿ ਉਸ ਨੇ ਵੱਡੇ ਪੱਧਰ 'ਤੇ ਕੋਰੋਨਾ ਵਾਇਰਸ 'ਤੇ ਕਾਬੂ ਪਾ ਲਿਆ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਵਾਇਰਸ ਫੈਲਣ ਵਿਚਕਾਰ ਵੁਹਾਨ ਸਮੇਤ ਤਕਰੀਬਨ 14 ਸ਼ਹਿਰ ਲਾਕਡਾਊਨ ਕਰ ਦਿੱਤੇ ਸਨ, ਤਾਂ ਕਿ ਲੋਕ ਘਰੋਂ ਨਾ ਨਿਕਲਣ ਤੇ ਇਹ ਵਾਇਰਸ ਹੋਰਾਂ 'ਚ ਨਾ ਫੈਲ ਸਕੇ।

ਹਾਲਾਂਕਿ, ਚੀਨ 'ਚ ਕੋਰੋਨਾ ਵਾਇਰਸ ਕਾਰਨ ਕੁੱਲ ਮਿਲਾ ਕੇ 3,245 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 80,928 ਲੋਕ ਇਸ ਦੀ ਲਪੇਟ 'ਚ ਹਨ। ਕੋਵਿਡ-19 ਨਾਲ ਇਨਫੈਕਟਡ ਨਵਾਂ ਮਾਮਲਾ ਸਾਹਮਣੇ ਨਾ ਆਉਣ ਨਾਲ ਚੀਨ ਲਈ ਇਹ ਵੱਡੀ ਰਾਹਤ ਹੋ ਸਕਦੀ ਹੈ ਪਰ ਜੋ ਲੋਕ ਪਹਿਲਾਂ ਹੀ ਇਨਫੈਕਟਡ ਹਨ ਉਨ੍ਹਾਂ ਨਾਲ ਇਹ ਮੌਤ ਦਾ ਅੰਕੜਾ ਕਿੱਥੇ ਕੁ ਰੁਕਦਾ ਹੈ ਇਹ ਦੇਖਣਾ ਹੋਵੇਗਾ। ਚੀਨ ਦੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੋਰੋਨਾ ਦੇ ਗੜ੍ਹ ਰਹੇ ਹੁਬੇਈ 'ਚੋਂ ਵੀ ਕੋਈ ਨਵਾਂ ਮਾਮਲਾ ਨਹੀਂ ਆਇਆ। ਦੇਸ਼ 'ਚ 70,420 ਮਰੀਜ਼ਾਂ ਨੂੰ ਇਲਾਜ ਮਗਰੋਂ ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ। ਇਟਲੀ 'ਚ 3,526 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਜਰਮਨੀ 'ਚ 4,070 ਅਤੇ ਸਪੇਨ 'ਚ 4,719 ਲੋਕਾਂ ਦੇ ਇਨਫੈਕਟਡ ਹੋਣ ਦੀ ਖਬਰ ਹੈ।

ਜ਼ਿਕਰਯੋਗ ਹੈ ਕਿ ਇਟਲੀ 'ਚ ਹੁਣ ਤਕ 2,978 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ 35,713 ਲੋਕ ਇਨਫੈਕਟਡ ਹਨ। ਉੱਥੇ ਹੀ ਈਰਾਨ 'ਚ 17,361 ਲੋਕ ਇਨਫੈਕਟਡ ਹਨ ਜਦਕਿ 1,135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਰਾਂਸ 'ਚ 9,134 ਲੋਕ ਇਨਫੈਕਟਡ ਹਨ ਜਦਕਿ 264 ਲੋਕਾਂ ਦੀ ਮੌਤ ਚੁੱਕੀ ਹੈ।


Related News