ਨਿਊਜ਼ੀਲੈਂਡ, ਨੀਯੁ ਨੇ ਇਕਾਂਤਵਾਸ ਮੁਕਤ ਯਾਤਰਾਵਾਂ ਦੀ ਕੀਤੀ ਘੋਸ਼ਣਾ
Thursday, Dec 17, 2020 - 06:14 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਅਤੇ ਦੱਖਣੀ ਪ੍ਰਸ਼ਾਂਤ ਦਾ ਟਾਪੂ-ਦੇਸ਼ ਨੀਯੁ, ਜੋ ਅੱਜ ਤੱਕ ਕੋਰੋਨਾਵਾਇਰਸ ਮੁਕਤ ਰਿਹਾ ਹੈ, ਨੇ ਵੀਰਵਾਰ ਨੂੰ ਦੇਸ਼ਾਂ ਨੂੰ ਇਕਾਂਤਾਵਾਸ ਮੁਕਤ ਯਾਤਰਾ ਦੀ ਸਹੂਲਤ ਦੇਣ ਦੇ ਕਦਮਾਂ ਦਾ ਐਲਾਨ ਕੀਤਾ।ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਪਣੇ ਨਿਯੁ ਹਮਰੁਤਬਾ ਡਾਲਟਨ ਟੇਗੇਲਾਗੀ ਨਾਲ ਗੱਲਬਾਤ ਤੋਂ ਬਾਅਦ ਵੀਰਵਾਰ ਨੂੰ ਕਿਹਾ,“ਨੀਯੁ 2020 ਦੌਰਾਨ ਸਫਲਤਾਪੂਰਵਕ ਕੋਵਿਡ-19 ਫ੍ਰੀ ਰਿਹਾ ਹੈ ਅਤੇ ਇਹ ਅਗਲਾ ਕਦਮ ਸਾਡੀ ਖੁਦ ਦੀ ਅਤੇ ਪ੍ਰਸ਼ਾਂਤ ਦੀ ਰੱਖਿਆ ਲਈ ਸਾਡੀ ਸਾਰਿਆਂ ਦੀ ਸਖਤ ਮਿਹਨਤ ਦਾ ਸਬੂਤ ਹੈ।''
ਪ੍ਰੀਮੀਅਰ ਟੇਗੇਲਾਗੀ ਨੇ ਕਿਹਾ,“ਅਸੀਂ ਨੀਯੁ ਅਤੇ ਨਿਊਜ਼ੀਲੈਂਡ ਵਿਚਾਲੇ ਦੋ-ਪੱਖੀ ਯਾਤਰਾ ਦੀ ਮੁੜ ਸ਼ੁਰੂਆਤ ਵੱਲ ਹੋ ਰਹੀ ਤਰੱਕੀ ਦਾ ਸਵਾਗਤ ਕਰਦੇ ਹਾਂ।'' ਨਿਊਜ਼ੀਲੈਂਡ ਸਰਕਾਰ ਦੇ ਇਕ ਬਿਆਨ ਵਿਚ ਕਿਹਾ ਗਿਆ ਕਿ ਇਹ ਵਿਵਸਥਾ ਹਰੇਕ ਦੇਸ਼ ਦੀ ਸਿਹਤ ਅਤੇ ਸਰਹੱਦੀ ਲੋੜਾਂ ਨੂੰ ਪੂਰਾ ਕਰਦੀ ਹੈ ਤਾਂ ਜੋ ਇਕਾਂਤਵਾਸ ਮੁਕਤ ਯਾਤਰਾਵਾਂ ਮੁੜ ਤੋਂ ਸ਼ੁਰੂ ਹੋ ਸਕਣ ਅਤੇ ਸਰਹੱਦ ਤੇ ਯਾਤਰਾ ਪ੍ਰੋਟੋਕੋਲ ਸਮੇਤ ਇਸ ਦੇ ਲਾਗੂ ਹੋਣ ਬਾਰੇ ਹੋਰ ਜਾਣਕਾਰੀ ਦਿੱਤੀ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਖਰੀਦੇਗਾ ਦੋ ਨਵੇਂ ਕੋਵਿਡ-19 ਟੀਕੇ, ਹਰ ਨਾਗਰਿਕ ਲਈ ਕਾਫ਼ੀ: ਜੈਸਿੰਡਾ ਅਰਡਰਨ
ਨੀਯੁ ਦੀ ਕੋਵਿਡ-19 ਮੁਕਤ ਸਥਿਤੀ ਦੀ ਮਾਨਤਾ ਵਿਚ, ਅਰਡਰਨ ਅਤੇ ਟੇਗੇਲਾਗੀ ਨੇ ਇਹ ਵੀ ਸਹਿਮਤੀ ਦਿੱਤੀ ਹੈ ਕਿ ਅਧਿਕਾਰੀ ਨੀਯੁ ਤੋਂ ਨਿਊਜ਼ੀਲੈਂਡ ਦੀ ਇਕ ਪਾਸੜ ਇਕਾਂਤਵਾਸ ਮੁਕਤ ਯਾਤਰਾ ਅਤੇ ਜ਼ਰੂਰੀ ਯਾਤਰਾ ਲਈ ਸੁਧਾਰੀ ਪਹੁੰਚ ਨੂੰ ਸਮਰੱਥ ਕਰਨ। ਇਸ ਦੇ ਨਾਲ ਹੀ ਨੀਯੁ ਦੀ ਆਰਥਿਕ ਬਹਾਲੀ ਲਈ ਸਮਰਥਨ ਕਰਨ ਲਈ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਉਣ।ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਹੁਣ ਇਕ ਦੋ-ਪੱਖੀ ਕੁਆਰੰਟੀਨ-ਮੁਕਤ ਯਾਤਰਾ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਲੋੜੀਂਦੇ ਉਪਾਵਾਂ ਨੂੰ ਵਿਸਥਾਰ ਨਾਲ ਲਾਗੂ ਕਰਨਗੇ।