ਨਵਾਂ ‘ਮੱਛਰ’: ਅਦ੍ਰਿਸ਼ ਖ਼ਤਰਾ, ਜੋ ਮਚਾਏਗਾ ਤਬਾਹੀ!
Friday, Jun 27, 2025 - 04:02 AM (IST)

ਬੀਜਿੰਗ - ਦੁਨੀਆ ’ਚ ਜੰਗ ਦੀ ਸਥਿਤੀ ਵਿਚਾਲੇ ਚੀਨ ਨੇ ਇਕ ਵਿਲੱਖਣ ਡਰੋਨ ਵਿਕਸਤ ਕੀਤਾ ਹੈ, ਜੋ ਆਕਾਰ ’ਚ ਮੱਛਰ ਦੇ ਬਰਾਬਰ ਹੈ। ਇਹ ਡਰੋਨ ਨਾ ਸਿਰਫ਼ ਦੁਸ਼ਮਣਾਂ ’ਤੇ ਨਜ਼ਰ ਰੱਖਣ ਦੇ ਸਮਰੱਥ ਹੈ, ਸਗੋਂ ਚੋਰੀ-ਛਿਪੇ ਜਾਸੂਸੀ ਮਿਸ਼ਨਾਂ ਨੂੰ ਵੀ ਅੰਜਾਮ ਦੇ ਸਕਦਾ ਹੈ। ਚੀਨੀ ਵਿਗਿਆਨੀਆਂ ਨੇ ਇਸ ਨੂੰ ਮੱਧ ਚੀਨ ਦੇ ਹੁਨਾਨ ਪ੍ਰਾਂਤ ’ਚ ਸਥਿਤ ਨੈਸ਼ਨਲ ਯੂਨੀਵਰਸਿਟੀ ਆਫ਼ ਡਿਫੈਂਸ ਤਕਨਾਲੋਜੀ ਦੀ ਰੋਬੋਟਿਕਸ ਲੈਬ ’ਚ ਤਿਆਰ ਕੀਤਾ ਹੈ।
ਇਸ ਨੂੰ ‘ਮੱਛਰ ਡਰੋਨ’ ਦਾ ਨਾਮ ਦਿੱਤਾ ਗਿਆ ਹੈ, ਜੋ ਆਪਣੇ ਆਕਾਰ ਅਤੇ ਡਿਜ਼ਾਈਨ ਕਾਰਨ ਮੱਛਰ ਵਰਗਾ ਦਿਖਾਈ ਦਿੰਦਾ ਹੈ। ਇਹ ਮਾਈਕ੍ਰੋ ਡਰੋਨ ਸਿਰਫ਼ 1.3 ਸੈਂਟੀਮੀਟਰ ਲੰਬਾ ਹੈ ਅਤੇ ਇਸ ’ਚ 2 ਛੋਟੇ ਖੰਭ ਅਤੇ 3 ਪਤਲੀਆਂ ਲੱਤਾਂ ਹਨ, ਜੋ ਇਸ ਨੂੰ ਬਾਇਓਨਿਕ ਰੋਬੋਟ ਦਾ ਰੂਪ ਦਿੰਦੀਆਂ ਹਨ।
ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਸਮਾਰਟਫੋਨ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਡਰੋਨ ਕਈ ਤਰ੍ਹਾਂ ਦੇ ਮਿਲਟ੍ਰੀ ਆਪ੍ਰੇਸ਼ਨਾਂ ’ਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਇਹ ਦੁਸ਼ਮਣਾਂ ’ਤੇ ਨਜ਼ਰ ਰੱਖਣ, ਜਾਣਕਾਰੀ ਇਕੱਠੀ ਕਰਨ ਅਤੇ ਵਿਸ਼ੇਸ਼ ਮਿਸ਼ਨਾਂ ਨੂੰ ਪੂਰਾ ਕਰਨ ’ਚ ਸਹਾਇਕ ਹਨ।