ਅਮਰੀਕਾ ਦੇ ਇੱਕ ਪੰਜਾਬੀ ਨੇ ਛਾਪਿਆ ਨਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਇਟਲੀ ਦੀਆਂ ਸਿੱਖ ਸੰਗਤਾਂ ''ਚ ਭਾਰੀ ਰੋਹ
Thursday, Apr 21, 2022 - 01:35 PM (IST)
ਰੋਮ (ਦਲਵੀਰ ਕੈਂਥ) ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਤੋਂ ਸੰਨ 1604 ਈ: ਨੂੰ ਸੰਪੂਰਨ ਕਰਵਾਈ ਸੀ। ਸਿੱਖ ਸੰਗਤ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵ ਸ਼ਕਤੀਮਾਨ ਤੇ ਸਰਵਵਿਆਪਕ ਗੁਰੂ ਮੰਨਦੇ ਹੋਏ ਓਟ ਆਸਰਾ ਲੈਂਦੀ ਹੈ।ਗੁਰੂ ਦਾ ਸਿੱਖ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਰਹੇ ਉਸ ਨੇ ਕਦੀਂ ਵੀ ਗੁਰੂ ਤੋਂ ਕਿਨਾਰਾ ਨਹੀਂ ਕੀਤਾ ਤੇ ਜਿੱਥੇ ਵੀ ਰਹਿੰਦਾ ਉੱਥੇ ਹੀ ਗੁਰੂ ਨਾਲ ਜੁੜੇ ਰਹਿਣ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੀ ਮਹਾਨ ਸੇਵਾ ਮੋਹਰੇ ਹੋ ਕਰਦਾ ਹੈ ਪਰ ਜਦੋਂ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਅਸਫ਼ਲ ਕੋਸ਼ਿਸ ਕਰਦਾ ਹੈ ਤਾਂ ਸਿੱਖ ਸੰਗਤ ਕਦੀਂ ਵੀ ਦੁਸ਼ਟਾਂ ਨੂੰ ਮਾਫ਼ ਨਹੀਂ ਕਰਦੀ।ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਇਜਾਫ਼ਾ ਹੋਣਾ ਮੌਕੇ ਦੀਆਂ ਸਰਕਾਰਾਂ ਦੀ ਨਾਲਾਇਕੀ ਜਗ ਜਾਹਿਰ ਕਰਦੀ ਹੈ ਪਰ ਹੁਣ ਤੱਕ ਬਹੁਤੀਆਂ ਸਿੱਖ ਸੰਸਥਾਵਾਂ ਵੱਲੋਂ ਗੁਰੂ ਦੀ ਬੇਅਦਬੀ ਪ੍ਰਤੀ ਹੁਣ ਤੱਕ ਉਸ ਤਰ੍ਹਾਂ ਦੀ ਏਕਤਾ ਨਹੀਂ ਦਿਖਾ ਹੋਈ ਜਿਸ ਨਾਲ ਬੇਅਦਬੀ ਸੰਬਧੀ ਦੂਸ਼ਟਾਂ ਦੀਆਂ ਕਾਰਵਾਈਆਂ ਨੂੰ ਠੱਲ ਪੈ ਸਕੇ।ਗੁਰੂ ਦੀ ਬੇਅਦਬੀ ਕਰਨ ਦੇ ਆਏ ਦਿਨ ਨਵੇਂ ਨਵੇਂ ਢੰਗ ਤਰੀਕੇ ਮਨੂੰਵਾਦੀਆਂ ਵੱਲੋਂ ਅਪਨਾਏ ਜਾ ਰਹੇ, ਜਿਸ ਕਾਰਨ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰਾ ਧੱਕਾ ਲੱਗ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਾਲੇ ਕੋਈ ਸਜ਼ਾ ਨਹੀਂ ਮਿਲੀ ਕਿ ਇੱਕ ਹੋਰ ਸਿੱਖ ਸੰਗਤ ਲਈ ਜਗੋ ਤੇਹਵੀਂ ਹੋਣ ਜਾ ਰਹੀ ਹੈ ਜਿਸ ਵਿੱਚ ਕੁਝ ਸ਼ਰਾਰਤੀ ਅਨਸਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੀਆਂ ਲਗਾ ਮਾਤਰਾਵਾਂ ਨਾਲ ਛੇੜਛਾੜ ਕਰਕੇ ਉਸ ਨੂੰ ਆਪਣੀ ਹੀ ਪ੍ਰੀਟਿੰਗ ਪ੍ਰੈੱਸ ਵਿੱਚ ਛਾਪ ਕੇ ਸੰਗਤ ਨੂੰ ਗੁਮਰਾਹ ਕਰਨ ਦੇ ਮਨਸੂਬੇ ਬਣਾ ਰਹੇ ਹਨ, ਜਿਸ ਬਾਬਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਭਾਈ ਜਸਪਾਲ ਸਿੰਘ ਨੇ ਮਿਤੀ 30 ਮਾਰਚ 2022 ਨੂੰ ਇਸ ਕਾਰਵਾਈ ਲਈ ਕਥਿਤ ਦੋਸ਼ੀ ਥਮਿੰਦਰ ਸਿੰਘ ਅਨੰਦ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਹੋਇਆ ਹੈ ਪਰ ਹਾਲੇ ਤੱਕ ਇਸ ਕਾਰਵਾਈ ਸੰਬਧੀ ਦੂਜੀ ਧਿਰ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਜਦੋਂ ਕਿ ਉਹਨਾਂ ਵੱਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜ-ਛਾੜ ਕਰਕੇ ਨਵੇਂ ਰੂਪ ਵਿੱਚ ਤਿਆਰ ਕਰਕੇ ਉਸ ਦੀ ਪੀ ਡੀ ਐਫ ਫਾਈਲ ਸੋਸ਼ਲ ਮੀਡੀਏ ਰਾਹੀ ਸੰਗਤਾਂ ਨੂੰ ਵੰਡੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ -ਪਾਕਿਸਤਾਨ ਦਾ ਪਹਿਲਾ ਸਿੱਖ ਪੁਲਸ ਅਫਸਰ ਗੁਲਾਬ ਸਿੰਘ 'ਲਾਪਤਾ', ਭਾਈਚਾਰੇ ਨੇ ਕੀਤੀ ਇਹ ਮੰਗ
ਇਸ ਕਾਰਵਾਈ ਨਾਲ ਕਥਿਤ ਦੋਸ਼ੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬ ਦੀ ਬਾਣੀ ਦਾ ਫਲਸਫ਼ਾ ਹੀ ਬਦਲਣ ਦੀ ਕੋਸਿ਼ਸ ਕੀਤੀ ਹੈ ਜੋ ਕਿ ਅਸਹਿ ਹੈ।ਇਹ ਅਤਿ ਨਿੰਦਣਯੋਗ ਕਾਰਵਾਈ ਅਮਰੀਕਾ ਵਿੱਚ ਹੋ ਰਹੀ ਹੈ ਜਿਸ ਬਾਬਤ ਸਿੱਖ ਸੰਗਤ ਬਹੁਤ ਹੀ ਚਿੰਤਕ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਕਾਰਵਾਈ 'ਤੇ ਵਿਦੇਸ਼ਾਂ ਦੀਆਂ ਨਾਮੀ ਸਿੱਖ ਜੱਥੇਬੰਦੀਆਂ ਚੁੱਪ ਵੱਟੀ ਬੈਠੀਆਂ ਹਨ ਜੋ ਕਿ ਵਿਚਾਰਨਯੋਗ ਵਿਸ਼ਾ ਹੈ।ਇਟਲੀ ਵਿੱਚ ਵੀ ਸਿੱਖ ਸੰਗਤਾਂ ਨੇ ਇਟਲੀ ਦੀਆਂ ਨਾਮੀ ਸਿੱਖ ਜੱਥੇਬੰਦੀਆਂ ਨਾਲ ਵੀ ਇਸ ਕਾਰਵਾਈ ਸੰਬਧੀ ਵਿਚਾਰਾਂ ਕੀਤੀ ਪਰ ਇਹ ਸੰਸਥਾਵਾਂ ਵੱਲੋਂ ਹਾਲੇ ਤੱਕ ਧਾਰੀ ਚੁੱਪ ਭੱਵਿਖ ਵਿੱਚ ਆਉਣ ਵਾਲੀਆਂ ਸਿੱਖ ਸੰਗਤ ਲਈ ਗੰਭੀਰ ਚੁਣੌਤੀਆਂ ਦਾ ਇਸ਼ਾਰਾ ਹੈ।