ਭਾਰਤੀ ਤੀਰਥ ਯਾਤਰੀ ਦੀ ਹੋਈ ਮੌਤ, ਨਿੱਜੀ ਹੈਲੀਕਾਪਟਰ ਕੰਪਨੀ ਦੀਆਂ ਸੇਵਾਵਾਂ ਮੁਅੱਤਲ

08/20/2018 4:22:08 PM

ਕਾਠਮੰਡੂ (ਭਾਸ਼ਾ)— ਕੈਲਾਸ਼ ਮਾਨਸਰੋਵਰ ਦੇ ਇਕ ਭਾਰਤੀ ਤੀਰਥ ਯਾਤਰੀ ਦੀ ਮੌਤ ਦੇ ਬਾਅਦ ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਿਟੀ ਨੇ ਇਕ ਨਿੱਜੀ ਹੈਲੀਕਾਪਟਰ ਕੰਪਨੀ ਦੀਆਂ ਉਡਾਣਾਂ ਦੀ ਆਵਾਜਾਈ ਮੁਅੱਤਲ ਕਰ ਦਿੱਤੀ ਹੈ। ਦੇਸ਼ ਦੇ ਹਿਲਸਾ ਖੇਤਰ ਵਿਚ ਹੈਲੀਕਾਪਟਰ ਦੇ ਪਰ ਦੀ ਚਪੇਟ ਵਿਚ ਆਉਣ ਕਾਰਨ ਇਕ ਭਾਰਤੀ ਤੀਰਥ ਯਾਤਰੀ ਦੀ ਮੌਤ ਹੋ ਗਈ ਸੀ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.ਐੱਨ.) ਨੇ ਕਿਹਾ ਕਿ ਏਅਰ ਆਪਰੇਟਰਸ ਸਰਟੀਫਿਕੇਟ (ਏ.ਓ.ਸੀ.) ਪ੍ਰਾਪਤ ਹੋਣ ਦੇ ਬਾਅਦ ਮਨਾਂਗ ਏਅਰ ਨੂੰ ਵਪਾਰਕ ਤੌਰ 'ਤੇ ਉਡਾਣਾਂ ਦੀ ਆਵਾਜਾਈ ਲਈ ਲਾਇਸੈਂਸ ਦਿੱਤਾ ਗਿਆ ਸੀ। 

ਇਕ ਅਧਿਕਾਰੀ ਮੁਤਾਬਕ ਸੀ.ਏ.ਏ.ਐੱਨ. ਦੀ ਇਕ ਤਕਨੀਕੀ ਟੀਮ ਘਟਨਾਸਥਲ ਤੋਂ ਸਬੂਤ ਇਕੱਠੇ ਕਰ ਕੇ ਵਾਪਸ ਆ ਗਈ ਹੈ। ਸੱਭਿਆਚਾਰ, ਸੈਰ-ਸਪਾਟਾ ਅਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਬੁਲਾਰੇ ਘਣਸ਼ਾਮ ਉਪਾਧਿਆਏ ਮੁਤਾਬਕ ਮੰਤਰਾਲੇ ਨੇ ਹਾਦਸੇ ਦੀ ਜਾਂਚ ਲਈ ਸੰਯੁਕਤ ਸਕੱਤਰ ਬੁੱਧੀ ਸਾਗਰ ਲਮਿਛਾਨੇ ਦੀ ਅਗਵਾਈ ਵਿਚ ਇਕ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੁੰਬਈ ਦੇ ਰਹਿਣ ਵਾਲੇ 42 ਸਾਲਾ ਕਾਰਤਿਕ ਨਾਗਿੰਦਰ ਕੁਮਾਰ ਮੇਹਤਾ ਹੈਲੀਕਾਪਟਰ ਵਿਚ ਚੜ੍ਹਨ ਲਈ ਅੱਗੇ ਵੱਧ ਰਹੇ ਸਨ ਪਰ ਬਦਕਿਸਮਤੀ ਨਾਲ ਉਹ ਹੈਲੀਕਾਪਟਰ ਦੇ ਪਰ ਦੀ ਚਪੇਟ ਵਿਚ ਆ ਗਏ। ਪਿਛਲੇ ਪਰ ਦੀ ਚਪੇਟ ਵਿਚ ਆਉਣ ਕਾਰਨ ਮੇਹਤਾ ਦਾ ਸਿਰ ਸਰੀਰ ਤੋਂ ਵੱਖ ਹੋ ਗਿਆ। ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਗਿਆ ਹੈ।


Related News