ਨਵਾਜ਼ ਸ਼ਰੀਫ ਨੂੰ ਫਿਰ ਪ੍ਰਧਾਨ ਮੰਤਰੀ ਬਣਨ ਦੀ ਆਸ
Tuesday, Feb 06, 2018 - 03:15 AM (IST)

ਪੇਸ਼ਾਵਰ— ਸੁਪਰੀਮ ਕੋਰਟ ਵਲੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਠਹਿਰਾਏ ਜਾਣ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਚੋਟੀ ਦੀ ਅਦਾਲਤ 'ਤੇ ਹਮਲੇ ਦਾ ਕੋਈ ਮੌਕਾ ਨਹੀਂ ਖੁੰਝਣ ਦਿੰਦੇ। 'ਡਾਨ' 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਕਲ ਪੇਸ਼ਾਵਰ 'ਚ ਜਨਾਬ ਸ਼ਰੀਫ ਨੇ ਇਕ ਇਕੱਠ 'ਚ ਕਿਹਾ, ''ਲੋਕਾਂ ਨੇ ਉਨ੍ਹਾਂ ਨੂੰ 5 ਸਾਲਾਂ ਲਈ ਪ੍ਰਧਾਨ ਮੰਤਰੀ ਚੁਣਿਆ ਪਰ ਕੇਵਲ '5 ਲੋਕਾਂ' (ਜੱਜਾਂ) ਨੇ ਉਨ੍ਹਾਂ ਨੂੰ ਅਯੋਗ ਐਲਾਨ ਦਿੱਤਾ।
ਉਨ੍ਹਾਂ ਪੁੱਛਿਆ, ''ਮੇਰੀ ਕੀ ਗਲਤੀ ਸੀ? ਕੀ ਮੈਨੂੰ ਰਿਸ਼ਵਤ ਲੈਣ ਲਈ ਅਯੋਗ ਠਹਿਰਾਇਆ ਗਿਆ ਜਾਂ ਫਿਰ ਆਪਣੇ ਪੁੱਤਰ ਕੋਲੋਂ ਤਨਖਾਹ ਨਾ ਲੈਣ ਲਈ? ਸਾਬਕਾ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਉਣ ਵਾਲੀਆਂ ਆਮ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ.-ਐੱਨ.) ਨੂੰ ਜਿਤਾਉਣ ਦੀ ਅਪੀਲ ਕੀਤੀ ਤਾਂ ਕਿ ਭਵਿੱਖ 'ਚ ਚੁਣੇ ਹੋਏ ਪ੍ਰਧਾਨ ਮੰਤਰੀ ਨੂੰ ਅਯੋਗ ਠਹਿਰਾਉਣ 'ਤੇ ਰੋਕ ਲਾਉਣ ਸਬੰਧੀ ਕਾਨੂੰਨ ਬਣਾਇਆ ਜਾ ਸਕੇ। ਸ਼ਰੀਫ ਨੂੰ ਪਿਛਲੇ ਸਾਲ ਸੁਪਰੀਮ ਕੋਰਟ ਦੀ 5 ਮੈਂਬਰੀ ਬੈਂਚ ਨੇ ਆਪਣੀ ਤਨਖਾਹ ਨਾ ਐਲਾਨਣ ਕਾਰਨ ਪ੍ਰਧਾਨ ਮੰਤਰੀ ਅਹੁਦੇ ਦੇ ਅਯੋਗ ਠਹਿਰਾ ਦਿੱਤਾ। ਸ਼ਰੀਫ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਤਨਖਾਹ ਨਹੀਂ ਲਈ।