ਮਾਣ ਦੀ ਗੱਲ, ਆਸਟ੍ਰੇਲੀਆ ''ਚ ਨਵਓਂਕਾਰ ਸਿੰਘ ਹੋਣਗੇ ''ਬਹਾਦਰੀ ਐਵਾਰਡ'' ਨਾਲ ਸਨਮਾਨਿਤ
Sunday, Mar 20, 2022 - 10:16 AM (IST)
ਸਿਡਨੀ (ਸਨੀ ਚਾਂਦਪੁਰੀ):- ਪੰਜਾਬੀ ਦੁਨੀਆ ਭਰ ਵਿੱਚ ਆਪਣੀ ਦਲੇਰੀ ਲਈ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬੀਅਆਂ ਦਾ ਮਾਣ ਆਸਟ੍ਰੇਲੀਆ ਵਿੱਚ ਨਵਓਂਕਾਰ ਨੇ ਵਧਾਇਆ ਹੈ। ਨਵਓਂਕਾਰ ਨੂੰ ਆਸਟ੍ਰੇਲੀਆ ਸਰਕਾਰ ਬਹਾਦਰੀ ਭਰੇ ਕਾਰਨਾਮੇ ਲਈ ਐਂਨਜੈਕ ਦਿਵਸ 'ਤੇ ਸਨਮਾਨਿਤ ਕਰੇਗੀ। ਨਵਓਂਕਾਰ ਦੱਸਦੇ ਹਨ ਕਿ 6 ਦਸੰਬਰ, 2019 ਨੂੰ ਨਿਊ ਸਾਊਥ ਵੇਲਜ਼ ਦੇ ਮੈਕਡੌਗਲਜ਼ ਹਿੱਲ ਵਿੱਚ ਸਰਵਿਸ ਸਟੇਸ਼ਨ 'ਤੇ ਸੈਮੀ ਟ੍ਰੇਲਰ ਵਿੱਚ ਡੀਜਲ ਪਵਾਉਣ ਲਈ ਗਏ ਪਰ ਜਦੋਂ ਕੈਬਿਨ ਵਿੱਚੋਂ ਬਾਹਰ ਆਏ ਤਾਂ ਉਹਨਾਂ ਦੇਖਿਆ ਕਿ ਟ੍ਰੇਲਰ ਦੇ ਹੇਠਾਂ ਤੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿੱਕਲ ਰਹੀਆਂ ਸਨ।
ਉਹ ਬਿਨਾਂ ਸਮਾਂ ਗੁਆਏ ਟ੍ਰੇਲਰ ਦੇ ਕੈਬਿਨ ਵਿੱਚ ਬੈਠੇ ਅਤੇ ਸੈਮੀ ਟ੍ਰੇਲਰ ਨੂੰ ਫਿਊਲ ਪੰਪਾਂ ਤੋਂ 20 ਮੀਟਰ ਦੂਰ ਲੈ ਗਏ। ਉਦੋਂ ਤੱਕ ਅੱਗ ਟਰੱਕ ਦੇ ਕੈਬਿਨ ਨੂੰ ਫੜ ਚੁੱਕੀ ਸੀ। ਉਹਨਾਂ ਦੀ ਇਸ ਬਹਾਦਰੀ ਕਰਕੇ ਨਾ ਸਿਰਫ ਸਰਵਿਸ ਸਟੇਸ਼ਨ ਹੀ ਅੱਗ ਦੀ ਚਪੇਟ ਵਿੱਚ ਆਉਣ ਤੋ ਬੱਚਿਆਂ ਬਲਕਿ ਕਈ ਜਾਨਾਂ ਵੀ ਬਚ ਗਈਆਂ।ਉਹਨਾਂ ਬਾਅਦ ਵਿੱਚ ਪਾਣੀ ਅਤੇ ਹੋਰ ਉਪਕਰਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਐਮਰਜੈਂਸੀ ਸੇਵਾ ਆਉਣ ਤੱਕ ਟਰੱਕ ਸੜ ਚੁੱਕਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਯੂਐਸ ਮਿਲਟਰੀ 'ਚ ਪਹਿਲੇ ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਨੂੰ ਮਿਲੀ ਤਰੱਕੀ
ਨਵਓਂਕਾਰ ਸਿੰਘ ਦੀ ਬਹਾਦਰੀ 'ਤੇ ਉਹਨਾਂ ਦੀ ਧਰਮ ਪਤਨੀ ਰਣਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪਤੀ 'ਤੇ ਮਾਣ ਹੈ ਇੱਕ ਵਾਰ ਪਤਾ ਲੱਗਣ 'ਤੇ ਉਹ ਡਰ ਜ਼ਰੂਰ ਗਏ ਸਨ ਪਰ ਨਵਓਂਕਾਰ ਦੇ ਸਹੀ ਸਮੇਂ 'ਤੇ ਲਏ ਫ਼ੈਸਲੇ ਨੇ ਕਈ ਲੋਕਾਂ ਦੀ ਜਾਨ ਬੱਚਾ ਲਈ। ਨਵਓਂਕਾਰ ਦੇ ਦੋ ਬੱਚੇ ਵੀ ਹਨ ਜੋ ਕੇ ਆਪਣੇ ਪਿਤਾ ਦੇ ਇਸ ਕਾਰਨਾਮੇ 'ਤੇ ਮਾਣ ਕਰਦੇ ਹਨ। ਗੌਰਤਲਬ ਹੈ ਕਿ ਨਵਓਂਕਾਰ 2006 ਵਿੱਚ ਆਸਟ੍ਰੇਲੀਆ ਵਿੱਚ ਪੜ੍ਹਨ ਆਇਆ ਸੀ। ਨਵਓਂਕਾਰ ਸਿੰਘ ਨੂੰ ਐਂਨਜੈਕ ਦਿਵਸ 'ਤੇ ਆਸਟ੍ਰੇਲੀਆ ਵਿੱਚ ਬਰੇਵਰੀ ਅਵਾਰਡ ਮਿਲਣਾ ਸਮੁੱਚੇ ਭਾਰਤ ਦੇਸ਼ ਲਈ ਮਾਣ ਵਾਲੀ ਗੱਲ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।