ਆਸਟ੍ਰੇਲੀਆ : ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ

02/12/2021 6:11:48 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਭਾਰਤ ਵਿੱਚ ਕਿਸਾਨ ਅੰਦੋਲਨ ਜਿਉਂ ਜਿਉਂ ਆਪਣੇ ਸਿਖ਼ਰ ਵੱਲ ਵੱਧ ਰਿਹਾ ਹੈ, ਤਿਉਂ ਤਿਉਂ ਮੋਦੀ ਸਰਕਾਰ ਘਟੀਆ ਹੱਥਕੰਡਿਆਂ 'ਤੇ ਉਤਰ ਆਈ ਹੈ। ਲਾਲ ਕਿਲ੍ਹਾ ਹਿੰਸਾ ਦੇ ਨਾਮ ਤਹਿਤ ਬੇਗੁਨਾਹ ਲੋਕਾਂ 'ਤੇ ਵੀ ਪਰਚੇ ਦਰਜ ਕੀਤੇ ਜਾ ਰਹੇ ਹਨ। ਦਿੱਲੀ ਅਤੇ ਹਰਿਆਣਾ ਪੁਲਸ ਕੇਂਦਰੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੂੰ ਬੇਰਹਿਮੀ ਨਾਲ ਲਾਗੂ ਕਰਦੀਆਂ ਨਜ਼ਰ ਆ ਰਹੀਆਂ ਹਨ। 

PunjabKesari

ਪਿਛਲੇ ਦਿਨੀਂ ਕੁੰਡਲ਼ੀ ਨੇੜੇ ਫ਼ੈਕਟਰੀ ਵਿੱਚ ਕੰਮ ਕਰਦੀ ਮਜ਼ਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਨੂੰ ਫ਼ੈਕਟਰੀ ਮਾਲਕਾਂ ਨੇ ਕਿਸਾਨੀ ਅੰਦੋਲਨ ਵਿਚ ਸ਼ਾਮਿਲ ਹੋਣ 'ਤੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਅਤੇ ਫਿਰ ਫ਼ੈਕਟਰੀ ਦੇ ਬਾਹਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੁਲਸ ਮੰਗਵਾ ਕੇ ਝੂਠੇ ਪਰਚੇ ਦਰਜ ਕਰਵਾ ਕੇ ਜ਼ੇਲ੍ਹ ਭਿਜਵਾ ਦਿੱਤਾ। ਨੌਦੀਪ ਕੌਰ ਮੁਕਤਸਰ ਤੋਂ ਇੱਕ ਗ਼ਰੀਬ ਦਲਿਤ ਪਰਿਵਾਰ ਦੀ ਚੇਤੰਨ ਆਗੂ ਹੈ। 

ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਾਰਕੁੰਨਾਂ ਨੇ ਕੂਈਨਜਲੈਂਡ ਸਕੂਲ ਆਫ ਬਿਊਟੀ ਥੈਰੇਪੀ ਵਿਖੇ ਇੱਕ ਹੰਗਾਮੀ ਮੀਟਿੰਗ ਬੁਲਾਈ ਸੀ। ਜਿਸ ਵਿੱਚ ਸਰਕਾਰ ਦੇ ਇਸ ਘਟੀਆ ਵਤੀਰੇ ਦਾ ਬਹੁਤ ਵਿਰੋਧ ਕੀਤਾ ਗਿਆ। ਉਨ੍ਹਾਂ ਮੀਡੀਆ ਰਾਹੀਂ ਕਿਹਾ ਕਿ ਸਰਕਾਰ ਨੂੰ ਘੱਟ ਗਿਣਤੀਆਂ ਤੇ ਹੋ ਰਹੇ ਜੁਲਮਾਂ ਨੂੰ ਫੌਰੀ ਤੌਰ 'ਤੇ ਬੰਦ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਮੋਰੋ, ਮਨਦੀਪ ਸਿੰਘ ਹੀਰਾ, ਦਲਜੀਤ ਸਿੰਘ, ਅੰਕੁਸ਼ ਕਟਾਰੀਆ, ਦਲਵੀਰ ਹਲਵਾਰਵੀ, ਭੁਪਿੰਦਰ ਮੋਹਾਲੀ, ਅਮਰੀਕ ਸਿੰਘ,  ਲਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਹਰਦੀਪ ਵਾਗਲਾ, ਜਸਵੰਤ ਵਾਗਲਾ, ਸਰੋਆ ਪਰਿਵਾਰ, ਦਲਜੀਤ ਕੌਰ, ਪੱਪੂ ਜਲੰਧਰੀ, ਬਲਵਿੰਦਰ ਵਿਦਿਆਰਥੀ, ਸੁਖਦਿਆਲ ਸਿੰਘ, ਰਣਦੀਪ ਸਿੰਘ, ਲਖਵੀਰ ਕਟਾਰੀਆ ਆਦਿ ਹਾਜ਼ਰ ਸਨ। 

ਨੋਟ- ਭਾਰਤੀ ਕਿਸਾਨ ਸਹਾਇਤਾ ਕਮੇਟੀ ਆਸਟ੍ਰੇਲੀਆ ਵੱਲੋਂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ , ਕੁਮੈਂਟ ਕਰ ਦਿਓ ਰਾਏ।


Vandana

Content Editor

Related News