ਬਾਰਿਸ਼ ਹੋਵੇ ਜਾਂ ਗਰਮੀ ਦਾ ਮੌਸਮ, ਚੋਰਾਂ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ : ਇਮਰਾਨ
Monday, Aug 29, 2022 - 09:30 AM (IST)
ਜੇਹਲਮ (ਏਜੰਸੀ)- ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਵੇਂ ਬਾਰਿਸ਼ ਹੋਵੇ ਜਾਂ ਗਰਮੀ ਦਾ ਮੌਸਮ, ਦੇਸ਼ ਦੇ ‘ਚੋਰਾਂ’ ਖਿਲਾਫ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਮਰਾਨ ਖਾਨ ਨੇ ਜੇਹਲਮ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਪਾਕਿਸਤਾਨ ’ਚ ਕਾਨੂੰਨ ਦੀ ਹੋਂਦ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕਾਨੂੰਨ ਅਤੇ ਸੰਵਿਧਾਨ ਦੀ ਸੀਮਾ ’ਚ ਰਹਿੰਦੇ ਹੋਏ 26 ਸਾਲ ਤੱਕ ਸੰਘਰਸ਼ ਕੀਤਾ ਹੈ।
ਸ਼ਰੀਫ ਅਤੇ ਜ਼ਰਦਾਰੀ ਪਰਿਵਾਰਾਂ ਬਾਰੇ ਗੱਲ ਕਰਦੇ ਹੋਏ ਖਾਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੇ ਦੇਸ਼ ’ਤੇ ਸ਼ਾਸਨ ਕਰਨ ਤੋਂ ਪਹਿਲਾਂ ਪਾਕਿਸਤਾਨ ਸਿਖਰ ’ਤੇ ਸੀ। ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ ਨੇ ਦੇਸ਼ ਨੂੰ ਲੁੱਟਿਆ ਅਤੇ ਹੁਣ ਉਹ ਸਾਨੂੰ ਦੱਸ ਰਹੇ ਹਨ ਕਿ ਕੀ ਕਰਨਾ ਹੈ। ਪੀ. ਟੀ. ਆਈ. ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ) ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਪਾਕਿਸਤਾਨ ’ਚ ਹੜ੍ਹ ਦੇ ਕਹਿਰ ’ਤੇ ਸਾਬਕਾ ਪ੍ਰਧਾਨ ਮੰਤਰੀ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਹੜ੍ਹ ਦੀ ਚਿਤਾਵਨੀ ਬਹੁਤ ਪਹਿਲਾਂ ਆ ਚੁੱਕੀ ਸੀ ਪਰ ਇਸਦੇ ਬਾਵਜੂਦ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਕਿਹੜੀ ਤਿਆਰੀ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹੜ੍ਹਾਂ ਨਾਲ ਨਜਿੱਠਣ ਲਈ ਨੀਤੀਆਂ ਘੜਨ ਦੀ ਬਜਾਏ ਸਾਜ਼ਿਸ਼ ਰਚ ਰਹੀ ਹੈ ਅਤੇ ਇਹ ਸਾਜ਼ਿਸ਼ ਉਨ੍ਹਾਂ ਦੇ ਖ਼ਿਲਾਫ਼ ਨਹੀਂ ਸਗੋਂ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਹੈ। ਭਾਈਵਾਲਾਂ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ।