''ਮੇਰਾ ਲੈਪਟਾਪ ਬੰਬ ਹੈ'', ਫਲਾਈਟ ''ਚ ਬੋਲਿਆ ਯਾਤਰੀ, ਮਚੀ ਹਫੜਾ-ਦਫੜੀ
Wednesday, Jul 09, 2025 - 09:34 AM (IST)

ਵਾਸ਼ਿੰਗਟਨ: ਫਲਾਈਟ ਵਿਚ ਯਾਤਰੀਆਂ ਦੁਆਰਾ ਅਜੀਬੋ-ਗਰੀਬ ਹਰਕਤਾਂ ਕਰਨ ਬਾਰੇ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਯਾਤਰੀਆਂ ਵੱਲੋਂ ਅਫਵਾਹਾਂ ਫੈਲਾਉਣ ਅਤੇ ਧਮਕੀਆਂ ਦੇਣ ਸਬੰਧੀ ਵੀ ਖ਼ਬਰਾਂ ਆਉਣ ਲੱਗ ਪਈਆਂ ਹਨ। ਹਾਲ ਹੀ ਵਿਚ ਅਮਰੀਕਾ ਵਿੱਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ, ਜਦੋਂ ਇੱਕ ਯਾਤਰੀ ਨੇ ਫਲਾਈਟ ਦੇ ਹਵਾ ਵਿਚ ਹੋਣ ਦੌਰਾਨ ਬੰਬ ਹੋਣ ਦੀ ਧਮਕੀ ਦਿੱਤੀ। ਉਡਾਣ ਵਿੱਚ ਸਵਾਰ 27 ਸਾਲਾ ਸ਼ੱਕੀ ਨੇ ਇੱਕ ਸਹਿ-ਯਾਤਰੀ ਨੂੰ ਦੱਸਿਆ ਕਿ ਉਸਦਾ ਲੈਪਟਾਪ ਬੰਬ ਹੈ, ਜਿਸ ਤੋਂ ਬਾਅਦ ਚਾਲਕ ਦਲ ਅਤੇ ਅਧਿਕਾਰੀ ਹਰਕਤ ਵਿਚ ਆਏ ਅਤੇ ਉਨ੍ਹਾਂ ਨੇ ਐਮਰਜੈਂਸੀ ਦਾ ਐਲਾਨ ਕੀਤਾ। ਯੂਐਸਏ ਟੂਡੇ ਦੀ ਇੱਕ ਰਿਪੋਰਟ ਅਨੁਸਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਬਿਨਾਂ ਕਿਸੇ ਘਟਨਾ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਐਲੀਜਿਅੰਟ ਏਅਰ ਦੀ ਫਲਾਈਟ ਉੱਤਰੀ ਕੈਰੋਲੀਨਾ ਦੇ ਐਸ਼ਵਿਲ ਤੋਂ ਫਲੋਰੀਡਾ ਦੇ ਪੁੰਟਾ ਗੋਰਡਾ ਜਾ ਰਹੀ ਸੀ।
ਰਿਪੋਰਟ ਅਨੁਸਾਰ ਜਦੋਂ ਫਲਾਈਟ ਹਵਾ ਵਿੱਚ ਸੀ ਤਾਂ 27 ਸਾਲਾ ਤਾਜ ਮਲਿਕ ਟੇਲਰ ਨੇ ਕਥਿਤ ਤੌਰ 'ਤੇ ਇੱਕ ਹੋਰ ਯਾਤਰੀ ਨੂੰ ਬੰਬ ਬਾਰੇ ਦੱਸਿਆ। ਪਿਨੇਲਾਸ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਇੱਕ ਬਿਆਨ ਅਨੁਸਾਰ,'ਯਾਤਰੀ ਨੇ ਤੁਰੰਤ ਫਲਾਈਟ ਅਟੈਂਡੇਟ ਨੂੰ ਸੂਚਿਤ ਕੀਤਾ। ਜਹਾਜ਼ ਵਿੱਚ ਮੌਜੂਦ ਕਈ ਹੋਰ ਗਵਾਹਾਂ ਨੇ ਵੀ ਟੇਲਰ ਨੂੰ ਇਹ ਕਹਿੰਦੇ ਸੁਣਿਆ ਕਿ ਉਸ ਕੋਲ ਬੰਬ ਹੈ।' ਥੋੜ੍ਹੀ ਦੇਰ ਬਾਅਦ, ਪਾਇਲਟ ਨੇ ਜਹਾਜ਼ ਨੂੰ ਸੇਂਟ ਪੀਟ-ਕਲੀਅਰਵਾਟਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਾਪਸ ਉਡਾਉਣ ਦਾ ਫੈਸਲਾ ਕੀਤਾ, ਜਿੱਥੋਂ ਇਸਨੇ ਉਡਾਣ ਭਰੀ ਸੀ। ਬੰਬ ਸਕੁਐਡ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਇਕਾਈਆਂ ਪਹਿਲਾਂ ਹੀ ਹਵਾਈ ਅੱਡੇ 'ਤੇ ਮੌਜੂਦ ਸਨ। ਜਾਂਚ ਦੌਰਾਨ ਕੋਈ ਬੰਬ ਨਹੀਂ ਮਿਲਿਆ। ਟੇਲਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸ 'ਤੇ ਝੂਠੀ ਬੰਬ ਦੀ ਧਮਕੀ ਦੇਣ ਦਾ ਦੋਸ਼ ਹੈ, ਜਿਸ 'ਤੇ 5 ਸਾਲ ਦੀ ਕੈਦ ਜਾਂ 25,000 ਡਾਲਰ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ChatGPT ਦੀ ਵਰਤੋਂ ਕਰਨ ਵਾਲੇ ਸਾਵਧਾਨ! ਦਿਮਾਗ ਦੇ ਵਿਕਾਸ ਨੂੰ ਕਰ ਸਕਦੈ ਠੱਪ
ਟੇਲਰ ਨੇ ਕਥਿਤ ਤੌਰ 'ਤੇ ਐਫਬੀਆਈ ਨੂੰ ਆਪਣਾ ਲੈਪਟਾਪ ਦਿਖਾਇਆ ਅਤੇ ਕਿਹਾ, 'ਮੇਰਾ ਲੈਪਟਾਪ ਬੰਬ ਹੈ।' ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ, ਜਿਸ ਵਿੱਚ ਕੋਈ ਵਿਸਫੋਟਕ ਨਹੀਂ ਮਿਲਿਆ। ਰਿਪੋਰਟ ਅਨੁਸਾਰ ਟੇਲਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੂੰ ਹਾਲ ਹੀ ਵਿੱਚ ਮਾਨਸਿਕ ਸਿਹਤ ਸਹੂਲਤ ਤੋਂ ਰਿਹਾਅ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ) ਨੂੰ ਘਟਨਾ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ। ਐਲੀਜਿਅੰਟ ਏਅਰ ਨੇ ਅਸੁਵਿਧਾ ਲਈ ਮੁਆਫੀ ਮੰਗੀ ਅਤੇ ਪ੍ਰਭਾਵਿਤ ਯਾਤਰੀਆਂ ਨੂੰ 100 ਡਾਲਪ ਯਾਤਰਾ ਵਾਊਚਰ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।