ਟਰੰਪ ਦੇ ਗਲ਼ੇ ਦੀ ਹੱਡੀ ਬਣੀ Epstein Files ! ਜਾਣੋ ਆਖ਼ਿਰ ਕੀ ਹੈ ਪੂਰਾ ਮਾਮਲਾ

Friday, Jul 25, 2025 - 10:26 AM (IST)

ਟਰੰਪ ਦੇ ਗਲ਼ੇ ਦੀ ਹੱਡੀ ਬਣੀ Epstein Files ! ਜਾਣੋ ਆਖ਼ਿਰ ਕੀ ਹੈ ਪੂਰਾ ਮਾਮਲਾ

ਵਾਸ਼ਿੰਗਟਨ (ਇੰਟ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਗਲੇ ਦੀ ਉਹ ਹੱਡੀ ਬਣ ਗਈ ਹੈ, ਜੋ ਨਾ ਤਾਂ ਉਹ ਉਗਲ ਸਕਦੇ ਹਨ ਤੇ ਨਾ ਹੀ ਨਿਗਲ ਸਕਦੇ ਹਨ। ਡੋਨਾਲਡ ਟਰੰਪ ਦਾ ਕੱਟੜ ‘ਮੇਕ ਅਮਰੀਕਾ ਗ੍ਰੇਟ ਅਗੇਨ’ (ਐੱਮ.ਏ.ਜੀ.ਏ.) ਵਾਲਾ ਵੋਟ ਬੈਂਕ ਉਨ੍ਹਾਂ ਤੋਂ ਨਾਰਾਜ਼ ਹੈ ਕਿਉਂਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਮਰੀਕਾ ਦੇ ਬਦਨਾਮ ਸੈਕਸ ਅਪਰਾਧੀ ਜੈਫਰੀ ਐਪਸਟੀਨ ਦੀਆਂ ਫਾਈਲਾਂ ਨੂੰ ਜਨਤਕ ਨਹੀਂ ਕੀਤਾ ਹੈ। 

ਉਸ ਨਾਲ ਸਬੰਧਤ ਸਾਰੀਆਂ ਸਾਜ਼ਿਸ਼ ਦੀਆਂ ਥਿਊਰੀਆਂ ਦਾ ਖੰਡਨ ਕਰਦੇ ਹੋਏ ਕਿਹਾ ਗਿਆ ਹੈ ਕਿ ਜੈਫਰੀ ਐਪਸਟੀਨ ਨੇ ਆਪਣੇ ਮਸ਼ਹੂਰ ਕਲਾਇੰਟਾਂ ਦੀ ਕੋਈ ਸੂਚੀ ਨਹੀਂ ਬਣਾਈ ਸੀ ਅਤੇ ਉਹ ਸਿਆਸਤਦਾਨਾਂ ਤੋਂ ਲੈ ਕੇ ਅਭਿਨੇਤਾਵਾਂ ਤੱਕ ਸ਼ਕਤੀਸ਼ਾਲੀ ਲੋਕਾਂ ਨੂੰ ਬਲੈਕਮੇਲ ਨਹੀਂ ਕਰ ਰਿਹਾ ਸੀ। ਮਸ਼ਹੂਰ ਹਸਤੀਆਂ, ਰਾਜਸ਼ਾਹੀ, ਸਿਆਸੀ ਆਗੂਆਂ, ਅਰਬਪਤੀਆਂ ਅਤੇ ਅਕਾਦਮਿਕ ਜਗਤ ਦੇ ਵੱਡੇ ਨਾਵਾਂ ਨਾਲ ਸਬੰਧ ਰੱਖਣ ਲਈ ਜਾਣੇ ਜਾਂਦੇ ਕਰੋੜਪਤੀ ਅਤੇ ਸੈਕਸ ਅਪਰਾਧੀ ਜੈਫਰੀ ਐਪਸਟੀਨ ਨੂੰ 2005 ਵਿਚ ਪਾਮ ਬੀਚ ਫਲੋਰੀਡਾ ’ਚ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਉਸ ’ਤੇ 14 ਸਾਲ ਦੀ ਕੁੜੀ ਨੂੰ ਸੈਕਸ ਲਈ ਪੈਸੇ ਦੇਣ ਦਾ ਦੋਸ਼ ਲਾਇਆ ਗਿਆ ਸੀ। ਜਦੋਂ ਪੁਲਸ ਨੇ ਉਸ ਦੀ ਜਾਇਦਾਦ ਦੀ ਤਲਾਸ਼ੀ ਲਈ ਤਾਂ ਪੂਰੇ ਘਰ ਭਰ ’ਚੋਂ ਕੁੜੀਆਂ ਦੀਆਂ ਤਸਵੀਰਾਂ ਮਿਲੀਆਂ ਸਨ।

ਉਦੋਂ ਪਾਮ ਬੀਚ ਪੁਲਸ ਮੁਖੀ ਮਾਈਕਲ ਰੇਈਟਰ ਨੇ ਅਖ਼ਬਾਰ ਨੂੰ ਦੱਸਿਆ ਸੀ ਕਿ ਉਸ ਨੇ 50 ਤੋਂ ਵੱਧ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਸਾਲ 2008 ’ਚ ਐਪਸਟੀਨ ਦਾ ਬਦਨਾਮ ਸਾਮਰਾਜ ਉਦੋਂ ਢਹਿਣਾ ਸ਼ੁਰੂ ਹੋਇਆ ਜਦੋਂ ਉਸ ਨੇ ਫਲੋਰੀਡਾ ਵਿਚ ਚਾਈਲਡ ਪ੍ਰਾਸੀਟਿਊਸ਼ਨ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਕਈ ਨਾਬਾਲਗ ਕੁੜੀਆਂ ਸਾਹਮਣੇ ਆਈਆਂ, ਜਿਨ੍ਹਾਂ ਨੇ ਇਸੇ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ। ਐਪਸਟੀਨ ਨੇ ਆਪਣੇ ਇਸ ਘਿਨਾਉਣੇ ਕੰਮਾਂ ਲਈ ਆਪਣਾ ਖੁਦ ਦਾ ਆਈਲੈਂਡ ਲੈ ਰੱਖਿਆ ਸੀ-ਲਿਟਲ ਸੇਂਟ ਜੇਮਜ਼, ਜਿੱਥੇ ਵੱਡੇ ਮਹਿਮਾਨਾਂ ਨੂੰ ਉਸ ਦੇ ਨਿੱਜੀ ਜੈੱਟ ’ਤੇ ਲਿਜਾਇਆ ਜਾਂਦਾ ਸੀ, ਜਿਸ ਨੂੰ ਅਕਸਰ ‘ਲੋਲਿਤਾ ਐਕਸਪ੍ਰੈੱਸ’ ਕਿਹਾ ਜਾਂਦਾ ਸੀ। 

ਇਸ ਆਈਲੈਂਡ ’ਤੇ ਕੁੜੀਆਂ ਨੂੰ ਸਮੱਗਲਿੰਗ ਕਰ ਕੇ ਲਿਆਇਆ ਜਾਂਦਾ ਸੀ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਸੀ। ਐਪਸਟੀਨ ਨੂੰ ਜੁਲਾਈ 2019 ਵਿਚ ਕੁੜੀਆਂ ਦੀ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ 10 ਅਗਸਤ, 2019 ਨੂੰ ਐਪਸਟੀਨ ਨਿਊਯਾਰਕ ਦੀ ਇਕ ਉੱਚ-ਸੁਰੱਖਿਆ ਵਾਲੀ ਜੇਲ੍ਹ ਵਿਚ ਮ੍ਰਿਤਕ ਪਾਇਆ ਗਿਆ। ਦਾਅਵਾ ਕੀਤਾ ਗਿਆ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ ਪਰ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਉਸ ਦੀ ਹੱਤਿਆ ਕਰ ਦਿੱਤੀ ਗਈ ਤਾਂ ਕਿ ਅਮੀਰ ਅਤੇ ਨਾਮੀ ਗਾਹਕਾਂ ਦਾ ਨਾਂ ਬਾਹਰ ਨਾ ਆ ਸਕੇ।

ਇਹ ਵੀ ਪੜ੍ਹੋ- ਕਈ ਗੰਦੀਆਂ ਵੀਡੀਓਜ਼ ਤੇ 1,200 ਤਸਵੀਰਾਂ ! ਹਸਪਤਾਲ 'ਚ ਕੰਮ ਕਰਦੇ ਨੌਜਵਾਨ ਦੀ ਗੰਦੀ ਕਰਤੂਤ

 

ਐਪਸਟੀਨ ਫਾਈਲਜ਼ ’ਚ ਕੀ ਹੈ ?
ਐਪਸਟੀਨ ਫਾਈਲਜ਼ ਜੈਫਰੀ ਐਪਸਟੀਨ ਦੇ ਜੀਵਨ ਨਾਲ ਸਬੰਧਤ ਦਸਤਾਵੇਜ਼ਾਂ, ਅਦਾਲਤੀ ਫਾਈਲਿੰਗ, ਉਸ ਨਾਲ ਜੁੜੀਆਂ ਫਲਾਈਟਾਂ ਦੇ ਲਾਗ, ਉਸ ਦੇ ਸੰਪਰਕ ਡੇਟਾਬੇਸ, ਸਰਵਾਈਵਰ ਕੁੜੀਆਂ ਦੀ ਗਵਾਹੀ ਅਤੇ ਹੋਰ ਸਬੂਤਾਂ ਦਾ ਇਕ ਵਿਸ਼ਾਲ ਭੰਡਾਰ ਹਨ। ਲੋਕਾਂ ਦਾ ਦਾਅਵਾ ਹੈ ਕਿ ਐਪਸਟੀਨ ਫਾਈਲਜ਼ ਵਿਚ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ, ਸਿਆਸਤਦਾਨਾਂ ਅਤੇ ਕਾਰੋਬਾਰੀਆਂ ਦਾ ਜ਼ਿਕਰ ਹੈ, ਜਿਨ੍ਹਾਂ ਦਾ ਐਪਸਟੀਨ ਜਾਂ ਉਸ ਦੇ ਸੈਕਸ ਰੈਕੇਟ ਨਾਲ ਸਬੰਧ ਹੈ। ਹਾਲਾਂਕਿ, ਐੱਫ.ਬੀ.ਆਈ. ਅਤੇ ਅਮਰੀਕੀ ਨਿਆਂ ਵਿਭਾਗ ਨੇ ਹੁਣ ਕਿਸੇ ਵੀ ਸਾਜ਼ਿਸ਼ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਜੈਫਰੀ ਐਪਸਟੀਨ ਦੀ ਹੱਤਿਆ ਨਹੀਂ ਕੀਤੀ ਗਈ ਸੀ, ਉਸ ਨੇ ਪ੍ਰਮੁੱਖ ਹਸਤੀਆਂ ਨੂੰ ਬਲੈਕਮੇਲ ਨਹੀਂ ਕੀਤਾ ਸੀ ਅਤੇ ਉਸ ਦੀ ਫਾਈਲ ਵਿਚ ਕੋਈ ‘ਗਾਹਕ ਸੂਚੀ’ ਨਹੀਂ ਸੀ।

ਐਪਸਟੀਨ ਦੇ ਨਾਲ ਕਿਹੜੀਆਂ ਵੱਡੀਆਂ ਹਸਤੀਆਂ ਨਜ਼ਰ ਆਈਆਂ ਸਨ ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ, ਸਾਬਕਾ ਅਮਰੀਕੀ ਪਹਿਲੀ ਮਹਿਲਾ ਹਿਲੇਰੀ ਕਲਿੰਟਨ, ਮਸ਼ਹੂਰ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ, ਹਾਲੀਵੁੱਡ ਸਟਾਰ ਲਿਓਨਾਰਡੋ ਡਿਕੈਪ੍ਰੀਓ ਉਨ੍ਹਾਂ 100 ਤੋਂ ਵੱਧ ਹਾਈ-ਪ੍ਰੋਫਾਈਲ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦਾ ਨਾਂ ਜੈਫਰੀ ਐਪਸਟੀਨ ਨਾਲ ਸਬੰਧਤ ਅਦਾਲਤੀ ਦਸਤਾਵੇਜ਼ਾਂ ਵਿਚ ਹਨ। ਇੱਥੋਂ ਤੱਕ ਕਿ ਗ੍ਰੇਟ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਦੂਜੇ ਬੇਟੇ ਪ੍ਰਿੰਸ ਐਂਡ੍ਰਿਊ ਨੂੰ ਵੀ ਐਪਸਟੀਨ ਨਾਲ ਘੁੰਮਦੇ ਦੇਖਿਆ ਗਿਆ ਸੀ ਅਤੇ ਉਨ੍ਹਾਂ ਦਾ ਨਾਮ ਅਦਾਲਤੀ ਦਸਤਾਵੇਜ਼ਾਂ ਵਿਚ ਆਇਆ ਸੀ। ਪੌਪ ਸਟਾਰ ਮਾਈਕਲ ਜੈਕਸਨ ਤੋਂ ਲੈ ਕੇ ਸਾਬਕਾ ਇਜ਼ਰਾਈਲੀ ਪ੍ਰਧਾਨ ਮੰਤਰੀ ਏਹੂਦ ਬਰਾਕ ਤੱਕ ਬਹੁਤ ਸਾਰੇ ਵੱਡੇ ਨਾਂ ਅਦਾਲਤੀ ਦਸਤਾਵੇਜ਼ਾਂ ਵਿਚ ਸਾਹਮਣੇ ਆਏ ਸਨ।

ਟਰੰਪ ਨੇ ਕਿਹਾ ਸੀ- 'ਸਾਨੂੰ ਘੱਟ ਉਮਰ ਦੀਆਂ ਕੁੜੀਆਂ ਪਸੰਦ ਹਨ'
2002 ਵਿਚ ਟਰੰਪ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਮੈਂ ਜੈਫ ਨੂੰ 15 ਸਾਲਾਂ ਤੋਂ ਜਾਣਦਾ ਹਾਂ। ਉਹ ਇਕ ਸ਼ਾਨਦਾਰ ਆਦਮੀ ਹੈ। ਸਾਨੂੰ ਦੋਵਾਂ ਨੂੰ ਘੱਟ ਉਮਰ ਦੀਆਂ ਸੁੰਦਰ ਕੁੜੀਆਂ ਪਸੰਦ ਹਨ। ਇਹ ਬਿਆਨ ਬਾਅਦ ਵਿਚ ਟਰੰਪ ਲਈ ਇਕ ਵਿਵਾਦ ਬਣ ਗਿਆ। 22 ਸਾਲਾਂ ਬਾਅਦ ਟਰੰਪ ਦਾ ਇਹੀ ਬਿਆਨ ਹੁਣ ਉਨ੍ਹਾਂ ਦੇ ਸਾਰੇ ਦਾਅਵਿਆਂ ਨੂੰ ਝੂਠਾ ਸਾਬਤ ਕਰ ਰਿਹਾ ਹੈ। ਯਾਨੀ, ਇਕ ਤਰ੍ਹਾਂ ਨਾਲ ਟਰੰਪ ਦਾ ਇਹ ਬਿਆਨ ਫਿਰ ਤੋਂ ਜ਼ਿੰਦਾ ਹੋ ਗਿਆ ਹੈ। 2004 ਵਿਚ ਫਲੋਰੀਡਾ ਦੇ ਪਾਮ ਬੀਚ ’ਤੇ ਬਣੀ 6 ਏਕੜ ਦੀ ‘ਹਾਊਸ ਆਫ਼ ਫ੍ਰੈਂਡਸ਼ਿਪ’ ਜਾਇਦਾਦ ਕਾਰਨ ਟਰੰਪ ਅਤੇ ਐਪਸਟੀਨ ਦੀ ਦੋਸਤੀ ਟੁੱਟ ਗਈ। ਟਰੰਪ ਇਸ ਨੂੰ ਉਦੋਂ ਖਰੀਦਣਾ ਚਾਹੁੰਦੇ ਸਨ ਪਰ ਐਪਸਟੀਨ ਇੱਥੇ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ। 15 ਨਵੰਬਰ, 2004 ਨੂੰ ਟਰੰਪ ਨੇ ਇਹ ਜਾਇਦਾਦ 356 ਕਰੋੜ ਰੁਪਏ ਦੀ ਬੋਲੀ ਨਾਲ ਹਾਸਲ ਕੀਤੀ। ਉਦੋਂ ਤੋਂ ਦੋਵਾਂ ਦੇ ਰਿਸ਼ਤੇ ’ਚ ਕੁੜੱਤਣ ਆ ਗਈ ਸੀ।

ਐਪਸਟੀਨ ਨਾਲ ਟਰੰਪ ਨੇ ਕੀਤੀ ਸੀ ਜੈੱਟ ’ਤੇ ਯਾਤਰਾ
ਐਪਸਟੀਨ ਨਾਲ ਟਰੰਪ ਦੇ ਪੁਰਾਣੇ ਸਬੰਧਾਂ ਦਾ ਚੰਗੀ ਤਰ੍ਹਾਂ ਦਸਤਾਵੇਜ਼ੀਕਰਨ ਕੀਤਾ ਗਿਆ ਹੈ, ਜਿਸ ਵਿਚ ਐਪਸਟੀਨ ਦੇ ਨਿੱਜੀ ਜੈੱਟ ਦੇ 1990 ਦੇ ਦਹਾਕੇ ਦੇ ਫਲਾਈਟ ਲਾਗ ਅਤੇ ਉਸ ਦੀ ਸੰਪਰਕ ਕਿਤਾਬ ਵਿਚ ਐਂਟਰੀਆਂ ਸ਼ਾਮਲ ਹਨ। ਐਪਸਟੀਨ ਦੇ ਪਾਇਲਟ ਨੇ ਘਿਸਲੇਨ ਮੈਕਸਵੈੱਲ ਦੇ 2021 ਦੇ ਮੁਕੱਦਮੇ ਦੌਰਾਨ ਵੀ ਗਵਾਹੀ ਦਿੱਤੀ ਸੀ ਕਿ ਟਰੰਪ ਨੇ ਕਈ ਵਾਰ ਜਹਾਜ਼ ਵਿਚ ਉਡਾਣ ਭਰੀ ਸੀ, ਹਾਲਾਂਕਿ ਟਰੰਪ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ- ਵਿਆਹ ਹੀ ਨਹੀਂ, ਹੁਣ ਮੰਗਣੀ ਨੂੰ ਲੈ ਕੇ ਵੀ ਜਾਰੀ ਹੋਇਆ ਨਵਾਂ ਫ਼ਰਮਾਨ ! ਕੈਬਨਿਟ ਨੇ ਦਿੱਤੀ ਮਨਜ਼ੂਰੀ

 

ਟਰੰਪ ਦੇ ਵਿਆਹ ’ਚ ਵੀ ਸ਼ਾਮਲ ਹੋਇਆ ਸੀ ਐਪਸਟੀਨ
ਟਰੰਪ ਅਤੇ ਐਪਸਟੀਨ ਦੀਆਂ ਕਈ ਪੁਰਾਣੀਆਂ ਫੋਟੋਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚੋਂ ਕੁਝ ਫੋਟੋਆਂ ਤੋਂ ਪਤਾ ਲੱਗਾ ਹੈ ਕਿ ਐਪਸਟੀਨ 1993 ਵਿਚ ਟਰੰਪ ਦੇ ਦੂਜੇ ਵਿਆਹ ਵਿਚ ਸ਼ਾਮਲ ਹੋਇਆ ਸੀ। ਇਹ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੁਝ ਦਿਨ ਪਹਿਲਾਂ ਵਾਲ ਸਟਰੀਟ ਜਨਰਲ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ 2003 ਵਿਚ ਟਰੰਪ ਨੇ ਐਪਸਟੀਨ ਨੂੰ ਆਪਣੇ 50ਵੇਂ ਜਨਮਦਿਨ ’ਤੇ ਇਕ ਪੱਤਰ ਲਿਖਿਆ ਸੀ, ਜਿਸ ਵਿਚ ਇਕ ਕੁੜੀ ਦੀ ਨਗਨ ਫੋਟੋ ਸੀ। ਹਾਲਾਂਕਿ ਟਰੰਪ ਨੇ ਇਹ ਪੱਤਰ ਲਿਖਣ ਤੋਂ ਇਨਕਾਰ ਕੀਤਾ ਹੈ।

49 ਅਰਬ ਰੁਪਏ ਦੀ ਜਾਇਦਾਦ ਦਾ ਮਾਲਕ ਸੀ ਜੈਫਰੀ ਐਪਸਟੀਨ
ਜਦੋਂ ਐਪਸਟੀਨ ਦੀ ਮੌਤ ਹੋਈ, ਉਦੋਂ ਉਹ ਲੱਗਭਗ 560 ਮਿਲੀਅਨ ਡਾਲਰ, ਯਾਨੀ 48,37,33,17,608 ਰੁਪਏ ਦੀ ਜਾਇਦਾਦ ਦਾ ਮਾਲਕ ਸੀ। ਜੈਫਰੀ ਐਪਸਟੀਨ ਦਾ ਜਨਮ ਇਕ ਯਹੂਦੀ ਪਰਿਵਾਰ ਵਿਚ ਹੋਇਆ ਸੀ। ਉਸ ਨੇ ਬ੍ਰੁਕਲਿਨ ਵਿਚ ਪੜ੍ਹਾਈ ਕੀਤੀ ਸੀ। ਐਪਸਟੀਨ ਕੋਲ ਮੈਨਹਟਨ ਵਿਚ ਇਕ ਆਲੀਸ਼ਾਨ ਟਾਊਨਹਾਊਸ ਸੀ, ਜਿਸ ਦੀ ਕੀਮਤ 50 ਮਿਲੀਅਨ ਡਾਲਰ ਤੋਂ ਜ਼ਿਆਦਾ ਸੀ।

ਇਸ ਤੋਂ ਇਲਾਵਾ, ਉਸ ਕੋਲ ਫਲੋਰੀਡਾ ਵਿਚ ਇਕ ਮਹਿਲ, ਨਿਊ ਮੈਕਸੀਕੋ ਵਿਚ ਇਕ ਖੇਤ ਅਤੇ ਪੈਰਿਸ ਵਿਚ ਇਕ ਅਪਾਰਟਮੈਂਟ ਵੀ ਸੀ। ਉਸ ਦੇ ਕੋਲ 2 ਨਿੱਜੀ ਟਾਪੂ ਵੀ ਸਨ, ਜਿਨ੍ਹਾਂ ਦੀ ਕੀਮਤ 86 ਮਿਲੀਅਨ ਡਾਲਰ ਸੀ। ਇਨ੍ਹਾਂ ਟਾਪੂਆਂ ਨੂੰ ਬਾਅਦ ਵਿਚ ਸਟੀਫਨ ਡੇਕੌਫ ਨੇ 60 ਮਿਲੀਅਨ ਡਾਲਰ ਵਿਚ ਖਰੀਦ ਲਿਆ ਸੀ। ਐਪਸਟੀਨ ਕੋਲ ਇਕ ਨਿੱਜੀ ਜੈੱਟ ਵੀ ਸੀ।

ਜੈਫਰੀ ਐਪਸਟੀਨ ਨੇ ਫਾਈਨਾਂਸ ਦੀ ਦੁਨੀਆ ਵਿਚ ਬਹੁਤ ਨਾਮ ਕਮਾਇਆ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਸਕੂਲ ਵਿਚ ਗਣਿਤ ਅਧਿਆਪਕ ਵਜੋਂ ਕੀਤੀ। 1982 ਵਿਚ ਉਸ ਨੇ ਆਪਣੀ ਫਰਮ ‘ਐਪਸਟੀਨ ਐਂਡ ਕੰਪਨੀ’ ਖੋਲ੍ਹੀ ਸੀ, ਜੋ ਅਰਬਪਤੀਆਂ ਨੂੰ ਵਿੱਤੀ ਸਲਾਹ ਦਿੰਦੀ ਸੀ।

ਨਿਆਂ ਵਿਭਾਗ ਨੇ ਟਰੰਪ ਨੂੰ ਐਪਸਟੀਨ ਫਾਈਲਜ਼ ਵਿਚ ਉਨ੍ਹਾਂ ਦੇ ਨਾਂ ਦੀ ਮਈ ਮਹੀਨੇ ’ਚ ਹੀ ਦੇ ਦਿੱਤੀ ਜਾਣਕਾਰੀ
ਅਮਰੀਕਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਵਾਲ ਸਟਰੀਟ ਜਨਰਲ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਅਟਾਰਨੀ ਜਨਰਲ ਪੈਮ ਬਾਂਡੀ ਨੇ ਮਈ ਮਹੀਨੇ ਵਿਚ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਨਾਂ ਸੈਕਸ ਅਪਰਾਧੀ ਜੈਫਰੀ ਐਪਸਟੀਨ ਜਾਂਚ ਨਾਲ ਸਬੰਧਤ ਨਿਆਂ ਵਿਭਾਗ (ਡੀ.ਓ.ਜੀ.) ਦੇ ਰਿਕਾਰਡਾਂ ’ਚ ਸ਼ਾਮਲ ਕੀਤਾ ਗਿਆ ਹੈ। ਬਾਂਡੀ ਦੀ ਬ੍ਰੀਫਿੰਗ ਵਿਚ ਕਥਿਤ ਤੌਰ ’ਤੇ ਫਾਈਲਾਂ ਵਿਚ ਨਾਂ ਵਾਲੀਆਂ ਕਈ ਹੋਰ ਉੱਚ-ਪ੍ਰੋਫਾਈਲ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਗਿਆ ਹੈ। ਬਾਂਡੀ ਨੂੰ ਹੁਣ ਕਾਨੂੰਨਸਾਜ਼ਾਂ ਵੱਲੋਂ ਟਰੰਪ ਨੂੰ ਦਿੱਤੇ ਗਏ ਆਪਣੇ ਖੁਲਾਸਿਆਂ ਬਾਰੇ ਕਾਂਗਰਸ ਸਾਹਮਣੇ ਗਵਾਹੀ ਦੇਣ ਲਈ ਬੁਲਾਇਆ ਜਾ ਰਿਹਾ ਹੈ। ਸੈਨੇਟਰ ਐਡਮ ਸ਼ਿਫ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਬਾਂਡੀ ਅਤੇ ਐੱਫ.ਬੀ.ਆਈ. ਡਾਇਰੈਕਟਰ ਕਾਸ਼ ਪਟੇਲ ਦੋਵਾਂ ਨੂੰ ਸੈਨੇਟ ਨਿਆਂਇਕ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਨਿਆਂ ਵਿਭਾਗ ਦੇ ਇਕ ਸਾਂਝੇ ਬਿਆਨ ਵਿਚ ਬਾਂਡੀ ਅਤੇ ਡਿਪਟੀ ਅਟਾਰਨੀ ਜਨਰਲ ਟਾਡ ਬਲੈਂਚ ਨੇ ਬ੍ਰੀਫਿੰਗ ਦੇ ਆਪਣੇ ਢੰਗ ਦਾ ਬਚਾਅ ਕਰਦੇ ਹੋਏ ਕਿਹਾ ਕਿ ਫਾਈਲਾਂ ਵਿਚ ਅਜਿਹਾ ਕੁਝ ਵੀ ਨਹੀਂ ਸੀ, ਜਿਸ ਨਾਲ ਹੋਰ ਜਾਂਚ ਜਾਂ ਮੁਕੱਦਮਾ ਚਲਾਉਣ ਦੀ ਲੋੜ ਹੋਵੇ।

ਮਸਕ ਨੇ ਐਪਸਟੀਨ ਫਾਈਲਜ਼ ਦਾ ਕੀਤਾ ਸੀ ਜ਼ਿਕਰ
ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਜੈਫਰੀ ਐਪਸਟੀਨ ਫਾਈਲਜ਼ ਨੂੰ ਦਬਾਉਣ ਦਾ ਦੋਸ਼ ਲਾਇਆ ਸੀ। ਮਸਕ ਨੇ ਕਿਹਾ ਕਿ ਇਨ੍ਹਾਂ ਫਾਈਲਾਂ ਨੂੰ ਜਨਤਕ ਕਰਨਾ ਉਨ੍ਹਾਂ ਦੀ ‘ਅਮਰੀਕਾ ਪਾਰਟੀ’ ਦੀ ਤਰਜੀਹ ਹੈ। ਮਸਕ ਨੇ ਕਿਹਾ ਸੀ ਕਿ ਜੇ ਟਰੰਪ ਐਪਸਟੀਨ ਫਾਈਲਜ਼ ਨੂੰ ਜਾਰੀ ਨਹੀਂ ਕਰਦੇ ਤਾਂ ਲੋਕ ਉਨ੍ਹਾਂ ’ਤੇ ਕਿਵੇਂ ਭਰੋਸਾ ਕਰਨਗੇ ? ਮਸਕ ਨੇ ਇਸ ਤੋਂ ਪਹਿਲਾਂ 5 ਜੂਨ ਨੂੰ ਸਨਸਨੀਖੇਜ਼ ਦਾਅਵਾ ਕਰਦਿਆਂ ਕਿਹਾ ਸੀ ਕਿ ਡੋਨਾਲਡ ਟਰੰਪ ਦਾ ਨਾਂ ਜੈਫਰੀ ਐਪਸਟੀਨ ਦੀਆਂ ਫਾਈਲਾਂ ਵਿਚ ਸ਼ਾਮਲ ਹੈ। ਉਨ੍ਹਾਂ ਨੇ ਉਦੋਂ ਦਾਅਵਾ ਕੀਤਾ ਸੀ ਕਿ ਡੋਨਾਲਡ ਟਰੰਪ ਦਾ ਨਾਂ ਐਪਸਟੀਨ ਫਾਈਲਾਂ ਵਿਚ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਜਨਤਕ ਨਹੀਂ ਕੀਤਾ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News