ਪਾਕਿਸਤਾਨ ’ਚ ਪੋਲੀਓ ਟੀਮ ਦੀ ਸੁਰੱਖਿਆ ’ਚ ਤਾਇਨਾਤ ਪੁਲਸ ਮੁਲਾਜ਼ਮ ਦਾ ਕਤਲ
Sunday, Dec 12, 2021 - 05:19 PM (IST)
ਪੇਸ਼ਾਵਰ (ਭਾਸ਼ਾ)-ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ’ਚ ਪੋਲੀਓ ਟੀਮ ਦੀ ਸੁਰੱਖਿਆ ’ਚ ਤਾਇਨਾਤ ਇਕ ਪੁਲਸ ਮੁਲਾਜ਼ਮ ਦਾ ਐਤਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਦੋ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਇਕ ਘਟਨਾ ’ਚ ਦੋ ਫੌਜੀਆਂ ਉੱਤੇ ਹਮਲਾ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਟਾਂਕ ਜ਼ਿਲ੍ਹੇ ਦੀ ਹੈ, ਜਿਥੇ ਪੋਲੀਓ ਟੀਮ ਦੀ ਸੁਰੱਖਿਆ ਕਰ ਰਹੇ ਕਾਂਸਟੇਬਲ ਨਜ਼ੀਰ ਸ਼ਾਹ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਨੂੰ ਪਾਕਿਸਤਾਨੀ ਤਾਲਿਬਾਨ ਵੀ ਕਿਹਾ ਜਾਂਦਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, “ਟੀ.ਟੀ.ਪੀ. ਨੇ ਦੱਖਣੀ ਵਜ਼ੀਰਿਸਤਾਨ ਨਾਲ ਲੱਗਦੇ ਟਾਂਕ ਜ਼ਿਲ੍ਹੇ ਦੇ ਗ੍ਰਸ਼ਾਦਾ ਪਿੰਡ ’ਚ ਟੀਕਾਕਰਨ ਕਰਨ ਵਾਲੇ ਲੋਕਾਂ ਉੱਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀਆਂ ਦੀ ਗੋਲੀਬਾਰੀ ’ਚ ਪੁਲਸ ਕਾਂਸਟੇਬਲ ਨਜ਼ੀਰ ਸ਼ਾਹ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਬੀਜਿੰਗ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ’ਤੇ ਕਾਰਕੁਨਾਂ ਨੂੰ ਬਣਾਇਆ ਨਿਸ਼ਾਨਾ
ਗੋਲੀਬਾਰੀ ’ਚ ਇਕ ਹੋਰ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।’’ ਟੀ.ਟੀ.ਪੀ. ਨੇ ਵੀਰਵਾਰ ਐਲਾਨ ਕੀਤਾ ਕਿ ਉਸ ਨੇ ਸਰਕਾਰ ਨਾਲ ਇਕ ਮਹੀਨੇ ਲਈ ਜੰਗਬੰਦੀ ਸਮਝੌਤਾ ਕੀਤਾ ਹੈ ਅਤੇ ਉਸ ਦੇ ਬਾਅਦ ਤੋਂ ਇਹ ਦੂਜਾ ਹਮਲਾ ਹੈ। ਖੈਬਰ ਪਖਤੂਨਖਵਾ ’ਚ ਪੋਲੀਓ ਟੀਮ ਦੀ ਸੁਰੱਖਿਆ ’ਚ ਤਾਇਨਾਤ ਇਕ ਫੌਜੀ ਦਾ ਸ਼ਨੀਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ, ਜਦਕਿ ਦੂਸਰਾ ਜ਼ਖ਼ਮੀ ਹੈ।