ਪਾਕਿ ਸਰਕਾਰ ਦਾ ਜਿਊਣਾ ਮੁਹਾਲ ਕਰਨ ਵਾਲੇ ਅਲਤਾਫ ਹੁਸੈਨ ਨੇ ਭਾਰਤ ''ਚ ਮੰਗੀ ਸ਼ਰਣ

11/17/2019 4:40:15 PM

ਲੰਡਨ— ਇੰਗਲੈਂਡ 'ਚ ਜ਼ਿੰਦਗੀ ਬਿਤਾ ਰਹੇ ਪਾਕਿਸਤਾਨੀ ਨੇਤਾ ਤੇ ਮੁਤਾਹਿਦਾ ਕੌਮੀ ਮੂਵਮੈਂਟ ਦੇ ਮੁਖੀ ਅਲਤਾਫ ਹੁਸੈਨ ਨੇ ਭਾਰਤ ਤੋਂ ਸ਼ਰਣ ਮੰਗੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਨੂੰ ਭਾਰਤ 'ਚ ਸ਼ਰਣ ਦੇਵੇ ਜਾਂ ਫਿਰ ਆਰਥਿਕ ਮਦਦ ਪ੍ਰਦਾਨ ਕਰੇ। ਦੱਸ ਦਈਏ ਕਿ ਪਾਕਿਸਤਾਨ 'ਚ ਅੱਤਵਾਦ ਦੇ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਅਲਤਾਫ ਹੁਸੈਨ ਇੰਨੀਂ ਦਿਨੀਂ ਲੰਡਨ 'ਚ ਰਹਿ ਰਹੇ ਹਨ।

ਹੁਸੈਨ ਨੇ ਸਾਲ 2016 'ਚ ਯੂਕੇ ਤੋਂ ਪਾਕਿਸਤਾਨ 'ਚ ਆਪਣੇ ਚੇਲਿਆਂ ਦੇ ਲਈ ਇਕ ਨਫਰਤੀ ਭਾਸ਼ਣ ਪ੍ਰਸਾਰਣ ਕੀਤਾ ਸੀ। ਇਸ 'ਚ ਉਸ ਨੇ ਆਪਣੇ ਚੇਲਿਆਂ ਨੂੰ ਕਾਨੂੰਨ ਹੱਥ 'ਚ ਲੈਣ ਦਾ ਸੱਦਾ ਦਿੱਤਾ ਸੀ। ਅੱਤਵਾਦ ਦੇ ਅਪਰਾਧ ਨਾਲ ਜੁੜੇ ਇਸ ਮਾਮਲੇ 'ਚ ਬੀਤੇ 10 ਅਕਤੂਬਰ ਨੂੰ ਯੂਕੇ ਦੇ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸਸ ਨੇ ਉਨ੍ਹਾਂ ਦੇ ਖਿਲਾਫ ਦੋਸ਼ ਤੈਅ ਕੀਤੇ ਸਨ। ਉਨ੍ਹਾਂ ਦੇ ਖਿਲਾਫ ਅੱਤਵਾਦ ਨਾਲ ਜੁੜੇ ਇਸ ਮਾਮਲੇ 'ਚ ਜੂਨ 2020 'ਚ ਮੁਕੱਦਮਾ ਚੱਲਣ ਵਾਲਾ ਹੈ।

ਉਕਤ ਕਾਰਨਾਂ ਦੇ ਕਾਰਨ ਉਨ੍ਹਾਂ ਨੂੰ ਕਿਸੇ ਵੀ ਯਾਤਰਾ ਦਸਤਾਵੇਜ਼ ਲਈ ਅਪਲਾਈ ਕਰਨ ਦੀ ਆਗਿਆ ਨਹੀਂ ਹੈ ਜਦੋਂ ਤੱਕ ਕਿ ਅਦਾਲਤ ਵਲੋਂ ਉਨ੍ਹਾਂ ਨੂੰ ਇਸ ਗੱਲ ਦੀ ਆਗਿਆ ਨਾ ਮਿਲ ਜਾਵੇ। ਹੁਣ ਵਕੀਲ ਇਸ ਦੀ ਸਮੀਖਿਆ ਕਰ ਰਹੇ ਹਨ ਕਿ ਅਲਤਾਫ ਹੁਸੈਨ ਨੇ ਭਾਰਤ ਤੋਂ ਸ਼ਰਣ ਮੰਗ ਕੇ ਕਿਤੇ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਤਾਂ ਨਹੀਂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਹੁਸੈਨ ਇਹ ਬਿਆਨ ਦੇ ਚੁੱਕੇ ਹਨ ਕਿ ਉਹ ਭਾਰਤ ਜਾਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਦਾਦਾ-ਦਾਦੀ ਉਥੇ ਹੀ ਦਫਨ ਹਨ।

ਅਲਤਾਫ ਹੁਸੈਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਮੈਨੂੰ ਭਾਰਤ ਆਉਣ ਦੀ ਆਗਿਆ ਦੇ ਦੇਣ ਤੇ ਉਥੇ ਸ਼ਰਣ ਮਿਲਦੀ ਹੈ ਤਾਂ ਮੈਂ ਆਪਣੇ ਸਾਥੀਆਂ ਦੇ ਨਾਲ ਭਾਰਤ ਪਹੁੰਚ ਜਾਵਾਂਗਾ ਕਿਉਂਕਿ ਮੇਰੇ ਦਾਦਾ-ਦਾਦੀ ਨੂੰ ਉਥੇ ਹੀ ਦਫਨਾਇਆ ਗਿਆ ਸੀ। ਮੈਂ ਭਾਰਤ 'ਚ ਉਨ੍ਹਾਂ ਦੀਆਂ ਕਬਰਾਂ 'ਤੇ ਜਾਣਾ ਚਾਹੁੰਦਾ ਹਾਂ। ਦੱਸ ਦਈਏ ਕਿ ਅਲਤਾਫ 27 ਸਾਲ ਪਹਿਲਾਂ ਪਾਕਿਸਤਾਨ ਤੋਂ ਭੱਜ ਕੇ ਲੰਡਨ ਆ ਗਏ ਸਨ। ਉਹ ਲੰਡਨ ਤੋਂ ਹੀ ਆਪਣੀ ਪਾਰਟੀ ਦਾ ਕੰਮਕਾਜ ਦੇਖਦੇ ਹਨ।

ਸਾਲ 1984 ਤੋਂ ਅਲਤਾਫ ਹੁਸੈਨ ਉਰਦੂ ਭਾਸ਼ੀ ਮੁਹਾਜਿਰਾਂ ਦੇ ਅਧਿਕਾਰ ਦੀ ਲੜਾਈ ਲੜ ਰਹੇ ਹਨ। ਮੁਜਾਹਿਰ ਉਹ ਸ਼ਰਣਾਰਥੀ ਹਨ ਜੋ ਆਜ਼ਾਦੀ ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਚਲੇ ਗਏ ਸਨ। ਕੈਨੇਡਾ ਦੀ ਫੈਡਰਲ ਕੋਰਟ ਮੁਤਾਹਿਦਾ ਕੌਮੀ ਮੂਵਮੈਂਟ ਨੂੰ 2006 'ਚ ਅੱਤਵਾਦੀ ਸੰਗਠਨ ਐਲਾਨ ਚੁੱਕੀ ਹੈ। ਅਲਤਾਫ ਹੁਸੈਨ ਦੇ ਬਿਆਨ ਨੂੰ ਪਾਕਿਸਤਾਨੀ ਮੀਡੀਆ 'ਚ ਦਿਖਾਉਣ ਦੀ ਆਗਿਆ ਨਹੀਂ ਹੈ। ਲਾਹੌਰ ਹਾਈਕੋਰਟ ਨੇ ਸਤੰਬਰ 2015 'ਚ ਹੀ ਅਲਤਾਫ ਦੀ ਤਸਵੀਰ ਜਾਂ ਬਿਆਨ ਦੇ ਪ੍ਰਸਾਰਣ 'ਤੇ ਰੋਕ ਲਗਾ ਦਿੱਤੀ ਸੀ।

ਸਾਲ 1992 'ਚ ਤੱਤਕਾਲੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਫੌਜ ਭੇਜ ਕੇ ਕਰਾਚੀ 'ਚ ਮੁਤਾਹਿਦਾ ਪਾਰਟੀ ਤੇ ਉਸ ਦੇ ਵਰਕਰਾਂ ਦਾ ਬੁਰੀ ਤਰ੍ਹਾਂ ਨਾਲ ਸ਼ੋਸ਼ਣ ਕੀਤਾ ਸੀ। ਉਸ ਵੇਲੇ ਕਰਾਚੀ 'ਚ ਹਜ਼ਾਰਾਂ ਲੋਕ ਮਾਰੇ ਗਏ ਸਨ। ਸਾਲ 1992 'ਚ ਅਲਤਾਫ ਹੁਸੈਨ ਪਾਕਿਸਤਾਨ ਤੋਂ ਬ੍ਰਿਟੇਨ ਚਲੇ ਗਏ ਸਨ। ਸਾਲ 2002 'ਚ ਉਨ੍ਹਾਂ ਨੂੰ ਬ੍ਰਿਟੇਨ ਦੀ ਨਾਗਰਿਕਤਾ ਵੀ ਮਿਲ ਗਈ ਸੀ। ਅਲਤਾਫ ਹੁਸੈਨ 'ਤੇ ਪਾਕਿਸਤਾਨ 'ਚ 3576 ਮਾਮਲੇ ਚੱਲ ਰਹੇ ਹਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਇਸ ਵੇਲੇ ਉਨ੍ਹਾਂ ਦੀ ਪਾਰਟੀ ਦੇ 25 ਸੰਸਦ ਮੈਂਬਰ ਹਨ।


Baljit Singh

Content Editor

Related News