ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਪਾਈ ਨਵੀਂ ਪਿਰਤ
Monday, Aug 30, 2021 - 07:06 PM (IST)
ਬਰਮਿੰਘਮ (ਸੰਜੀਵ ਭਨੋਟ)-ਯੂਰਪੀ ਪੰਜਾਬੀ ਸੱਥ ਵਾਲਸਾਲ ਦੇ ਕਰਤਾ-ਧਰਤਾ ਸਰਦਾਰ ਮੋਤਾ ਸਿੰਘ ਸਰਾਏ ਨੇ ਆਪਣੇ 60ਵੇਂ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਇੱਕ ਸਾਹਿਤਕ ਰੂਪ ਦੇ ਕੇ ਨਵੀਂ ਪਿਰਤ ਪਾਈ। ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਵਲੋਂ ਜਾਣੇ ਜਾਂਦੇ ਮੋਤਾ ਸਿੰਘ ਸਰਾਏ ਨੇ ਆਪਣੇ ਪਰਿਵਾਰ ਸਮੇਤ ਆਏ ਸਾਹਿਤਕਾਰਾਂ, ਕਵੀਆਂ ਤੇ ਬੁੱਧੀਜੀਵੀਆਂ ਦਾ ਸੁਆਗਤ ਕੀਤਾ।
ਮਹਿਮਾਨ ਸਾਹਿਤਕਾਰਾਂ ਵਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਪਰ ਇਥੇ ਦੱਸਣਾ ਬਣਦਾ ਹੈ ਕਿ ਜਨਮ ਦਿਨ ਦੇ ਮੌਕੇ ’ਤੇ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੀ ਚਿੰਤਾ, ਪੰਜਾਬ ਦੇ ਗੰਧਲੇ ਪਾਣੀ ਤੇ ਵਾਤਾਵਰਣ ਲਈ ਫ਼ਿਕਰ ਲਈ ਗੱਲਬਾਤ ਪਹਿਲੀ ਵਾਰ ਦੇਖਣ-ਸੁਣਨ ਨੂੰ ਮਿਲੀ। ਮਹਿਮਾਨਾਂ ਵਲੋਂ ਜਨਮ ਦਿਨ ਦੀਆਂ ਮੁਬਾਰਕਾਂ ਦੇ ਨਾਲ-ਨਾਲ ਸਮੇਂ ਦੇ ਹਾਣ ਦੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਅਕਾਲ ਚੈਨਲ ਦੇ ਮੁਖੀ ਅਮਰੀਕ ਸਿੰਘ ਕੂਨਰ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ। ਆਏ ਮਹਿਮਾਨਾਂ ’ਚ ਉੱਘੇ ਟੀ. ਵੀ. ਪੇਸ਼ਕਾਰ ਅਜਾਇਬ ਸਿੰਘ ਗਰਚਾ , ਨਿਰਮਲ ਸਿੰਘ ਕੰਧਾਲਵੀ, ਭੁਪਿੰਦਰ ਸਿੰਘ ਸੱਗੂ, ਭਾਸ਼ਾ ਵਿਗਿਆਨੀ ਡਾਕਟਰ ਮੰਗਤ ਰਾਏ ਭਾਰਦਵਾਜ, ਰਾਜ ਸੂਦ ਬ੍ਰਿਸਟਲ, ਹਰੀਸ਼ ਮਲਹੋਤਰਾ , ਗੁਰਦੇਵ ਸਿੰਘ ਚੌਹਾਨ, ਨਿਰਮਲ ਸਿੰਘ ਸੰਘਾ, ਮਨਜੀਤ ਸਿੰਘ ਕਮਲਾ, ਮਹਿੰਦਰ ਸਿੰਘ ਦਿਲਬਰ, ਚੰਨ ਜੰਡਲਾਵੀ, ਨਛੱਤਰ ਭੋਗਲ, ਮਹਿੰਦਰ ਸਿੰਘ ਰਾਏ, ਬਲਵਿੰਦਰ ਸਿੰਘ ਚਾਹਲ , ਜਰਨੈਲ ਸਿੰਘ ਪ੍ਰਭਾਕਰ, ਰੇਨ ਦੀਪ ਸਿੰਘ ਸੋਹੀ, ਦਲਜੀਤ ਸਿੰਘ ਉੱਪਲ, ਬਲਦੇਵ ਸਿੰਘ ਦਿਓਲ, ਜਸਮੇਰ ਸਿੰਘ ਹੋਠੀ, ਅਮੋਲਕ ਸਿੰਘ ਢਿੱਲੋਂ, ਰਵਿੰਦਰ ਸਿੰਘ ਕੁੰਦਰਾ, ਮਹੇੜੂ ਸਾਬ, ਕੇਵਲ ਸਿੰਘ ਰੰਧਾਵਾ ਅਤੇ ਮੰਚ ਸੰਚਾਲਨ ਓਂਕਾਰ ਸਿੰਘ ਮਾਨਵ ਵਲੋਂ ਨਿਭਾਇਆ ਗਿਆ।
ਮੋਤਾ ਸਿੰਘ ਸਰਾਏ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਪੰਜਾਬੀ ਸੱਥ ਵੱਲੋਂ ਛਾਪੀਆਂ ਹੋਈਆਂ ਕਿਤਾਬਾਂ ਰਿਟਰਨ ਗਿਫ਼ਟ ਦੇ ਤੌਰ ’ਤੇ ਦਿੱਤੀਆਂ ਗਈਆਂ।