ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟ ਦੀ ਰੈਂਕਿੰਗ ਜਾਰੀ, ਜਾਣੋ ਭਾਰਤ ਦਾ ਸਥਾਨ
Friday, Apr 04, 2025 - 02:15 PM (IST)

ਬ੍ਰਸੇਲਸ: ਹਾਲ ਹੀ ਵਿਚ ਟੈਕਸ ਅਤੇ ਇਮੀਗ੍ਰੇਸ਼ਨ ਸਲਾਹਕਾਰ ਨੋਮੈਡ ਕੈਪੀਟਲਿਸਟ ਨੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਹੈ। ਇਸ ਰੈਂਕਿੰਗ ਵਿੱਚ ਆਇਰਲੈਂਡ ਦੇ ਪਾਸਪੋਰਟ ਨੂੰ ਪਹਿਲਾ ਸਥਾਨ ਮਿਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਉੱਤਰੀ ਅਮਰੀਕੀ ਦੇਸ਼ ਆਇਰਲੈਂਡ ਦੇ ਪਾਸਪੋਰਟ ਨੂੰ ਨੋਮੈਡ ਕੈਪੀਟਲਿਸਟ ਦੀ ਰੈਂਕਿੰਗ ਵਿਚ ਨੰਬਰ 1 ਦਾ ਦਰਜਾ ਦਿੱਤਾ ਗਿਆ ਹੈ। ਇਸ ਦਰਜਾਬੰਦੀ ਵਿੱਚ ਦੁਨੀਆ ਦੇ 199 ਦੇਸ਼ਾਂ ਦੇ ਪਾਸਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਵਿੱਚ ਭਾਰਤੀ ਪਾਸਪੋਰਟ ਵੀ ਸ਼ਾਮਲ ਹੈ, ਜਿਸਦੀ ਰੈਂਕਿੰਗ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਡਿੱਗ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਪਾਸਪੋਰਟ ਹਮੇਸ਼ਾ ਵਾਂਗ ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਇੰਝ ਹੋਇਆ ਪਾਸਪੋਰਟਾਂ ਦਾ ਮੁਲਾਂਕਣ
ਸੀ.ਐਨ.ਬੀ.ਸੀ ਅਨੁਸਾਰ ਨੋਮੈਡ ਕੈਪੀਟਲਿਸਟ ਦਾ ਪਾਸਪੋਰਟਾਂ ਅਤੇ ਉਨ੍ਹਾਂ ਦੀਆਂ ਅੰਤਰਰਾਸ਼ਟਰੀ ਸ਼ਕਤੀਆਂ ਦਾ ਵਿਸ਼ਲੇਸ਼ਣ ਕਰਨ ਦਾ ਪੈਟਰਨ ਦੂਜੀਆਂ ਦਰਜਾਬੰਦੀਆਂ ਤੋਂ ਵੱਖਰਾ ਹੈ ਜੋ ਸਿਰਫ ਉਨ੍ਹਾਂ ਦੀ ਵੀਜ਼ਾ-ਮੁਕਤ ਯਾਤਰਾ ਸ਼ਕਤੀ ਨੂੰ ਮਹੱਤਵ ਦਿੰਦੇ ਹਨ। ਅੱਜ ਦੀ ਬਦਲਦੀ ਦੁਨੀਆਂ ਵਿੱਚ ਨੋਮੈਡ ਪਾਸਪੋਰਟ ਇੰਡੈਕਸ ਇਸ ਗੱਲ 'ਤੇ ਨਜ਼ਰ ਰੱਖਦਾ ਹੈ ਕਿ ਹਰੇਕ ਦੇਸ਼ ਦਾ ਪਾਸਪੋਰਟ ਸਾਲਾਨਾ ਆਧਾਰ 'ਤੇ ਕਿਵੇਂ ਵਿਕਸਤ ਹੁੰਦਾ ਹੈ। ਦੇਸ਼ਾਂ ਦਾ ਵਿਸ਼ਵਵਿਆਪੀ ਪ੍ਰਭਾਵ ਕਿਵੇਂ ਬਦਲ ਰਿਹਾ ਹੈ। ਨੋਮੈਡ ਕੈਪੀਟਲਿਸਟ ਪੰਜ ਮੁੱਖ ਕਾਰਕਾਂ ਦੇ ਆਧਾਰ 'ਤੇ ਦੁਨੀਆ ਭਰ ਦੇ ਪਾਸਪੋਰਟਾਂ ਦੀ ਦਰਜਾਬੰਦੀ ਕਰਦਾ ਹੈ: ਵੀਜ਼ਾ-ਮੁਕਤ ਯਾਤਰਾ (50%), ਟੈਕਸੇਸ਼ਨ (20%), ਗਲੋਬਲ ਧਾਰਨਾ (10%), ਦੋਹਰੀ ਨਾਗਰਿਕਤਾ (10%), ਅਤੇ ਨਿੱਜੀ ਆਜ਼ਾਦੀ (10%)।
ਦੁਨੀਆ ਦੇ ਸਭ ਤੋਂ ਮਜ਼ਬੂਤ ਬਨਾਮ ਸਭ ਤੋਂ ਕਮਜ਼ੋਰ ਪਾਸਪੋਰਟ 2025
199 ਦੇਸ਼ਾਂ ਦਾ ਮੁਲਾਂਕਣ ਕਰਦੇ ਹੋਏ ਨੋਮੈਡ ਕੈਪੀਟਲਿਸਟ ਪਾਸਪੋਰਟ ਇੰਡੈਕਸ 2025 ਨੇ ਆਇਰਲੈਂਡ ਨੂੰ 109 ਦੇ 'ਨੋਮੈਡ ਪਾਸਪੋਰਟ ਸਕੋਰ' ਨਾਲ ਸਿਖਰ 'ਤੇ ਰੱਖਿਆ। ਪਿਛਲੇ ਸਾਲ ਇਹ ਸਵਿਟਜ਼ਰਲੈਂਡ ਤੋਂ ਲੀਡ ਗੁਆ ਬੈਠਾ ਸੀ। ਹਾਲਾਂਕਿ ਇਸ ਸਾਲ ਦੀ ਜਿੱਤ ਤੋਂ ਇਲਾਵਾ ਆਇਰਲੈਂਡ ਨੇ 2020 ਵਿੱਚ ਲਕਸਮਬਰਗ ਅਤੇ ਸਵੀਡਨ ਨਾਲ ਨੰਬਰ 1 ਰੈਂਕਿੰਗ ਸਾਂਝੀ ਕੀਤੀ। ਨੋਮੈਡ ਕੈਪੀਟਲਿਸਟ ਦੇ ਖੋਜ ਸਹਿਯੋਗੀ ਜੇਵੀਅਰ ਕੋਰੀਆ ਨੇ ਦੱਸਿਆ,"ਆਇਰਲੈਂਡ ਨੇ ਦੇਸ਼ ਦੀ ਮਜ਼ਬੂਤ ਅੰਤਰਰਾਸ਼ਟਰੀ ਸਾਖ, ਕਾਰੋਬਾਰ-ਅਨੁਕੂਲ ਟੈਕਸ ਨੀਤੀਆਂ ਅਤੇ ਸਮੁੱਚੀ ਨਾਗਰਿਕਤਾ ਲਚਕਤਾ ਕਾਰਨ ਰੈਂਕਿੰਗ ਵਿੱਚ ਵਾਧਾ ਕੀਤਾ ਹੈ।"
ਆਇਰਲੈਂਡ ਦੇ ਸਿਖਰਲੇ ਸਥਾਨ ਤੋਂ ਇਲਾਵਾ ਚੋਟੀ ਦੇ 10 ਸਭ ਤੋਂ ਮਜ਼ਬੂਤ ਪਾਸਪੋਰਟਾਂ ਦੀ ਸੂਚੀ ਵਿੱਚ ਹੋਰ ਦੇਸ਼ ਸਵਿਟਜ਼ਰਲੈਂਡ (ਦੂਜਾ), ਗ੍ਰੀਸ (ਦੂਜਾ), ਪੁਰਤਗਾਲ (ਚੌਥਾ), ਮਾਲਟਾ (5ਵਾਂ), ਇਟਲੀ (5ਵਾਂ), ਲਕਸਮਬਰਗ (7ਵਾਂ), ਫਿਨਲੈਂਡ (7ਵਾਂ), ਨਾਰਵੇ (7ਵਾਂ), ਸੰਯੁਕਤ ਅਰਬ ਅਮੀਰਾਤ (10ਵਾਂ), ਨਿਊਜ਼ੀਲੈਂਡ (10ਵਾਂ) ਅਤੇ ਆਈਸਲੈਂਡ (10ਵਾਂ) ਹਨ।
ਪਾਕਿਸਤਾਨ ਦਾ ਪਾਸਪੋਰਟ ਫਿਰ ਸਭ ਤੋਂ ਕਮਜ਼ੋਰ
ਇਸ ਸੂਚੀ ਵਿੱਚ ਸੰਯੁਕਤ ਰਾਜ ਅਮਰੀਕਾ 45ਵੇਂ ਸਥਾਨ 'ਤੇ ਹੈ, ਜੋ ਸੈਨ ਮੈਰੀਨੋ ਦੇ ਨਾਲ ਬਰਾਬਰ ਹੈ। ਇਸ ਦੌਰਾਨ ਪਾਕਿਸਤਾਨ, ਇਰਾਕ, ਏਰੀਟਰੀਆ, ਯਮਨ ਅਤੇ ਅਫਗਾਨਿਸਤਾਨ ਸਭ ਤੋਂ ਕਮਜ਼ੋਰ ਪਾਸਪੋਰਟਾਂ ਦੇ ਰੂਪ ਵਿੱਚ ਸੂਚੀ ਦੇ ਸਭ ਤੋਂ ਹੇਠਾਂ ਹਨ, ਜੋ 195 ਤੋਂ 199ਵੇਂ ਸਥਾਨ 'ਤੇ ਹਨ।
ਭਾਰਤੀ ਪਾਸਪੋਰਟ ਦੀ ਸਥਿਤੀ
ਭਾਰਤ ਕੋਮੋਰੋਸ ਨਾਲ 148ਵੇਂ ਸਥਾਨ 'ਤੇ ਹੈ, ਜਿਸ ਨੂੰ ਕੁੱਲ 47.5 ਅੰਕ (ਟੈਕਸ: 20, ਧਾਰਨਾ: 20, ਦੋਹਰੀ ਨਾਗਰਿਕਤਾ: 20, ਆਜ਼ਾਦੀ: 20) ਮਿਲੇ ਹਨ। ਪਿਛਲੇ ਸਾਲ ਦੇ ਸੂਚਕਾਂਕ ਵਿੱਚ ਭਾਰਤ ਮੋਜ਼ਾਮਬੀਕ ਨਾਲ 147ਵੇਂ ਸਥਾਨ 'ਤੇ ਸੀ। ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਹੈਨਲੇ ਪਾਸਪੋਰਟ ਇੰਡੈਕਸ ਵਿੱਚ 80ਵੇਂ ਸਥਾਨ ਤੋਂ ਡਿੱਗ ਕੇ 85ਵੇਂ ਸਥਾਨ 'ਤੇ ਆ ਗਿਆ, ਜੋ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਹੈ। ਇਹ 19 ਸਾਲ ਪੁਰਾਣਾ ਸੂਚਕਾਂਕ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (IATA) ਦੇ ਅੰਕੜਿਆਂ 'ਤੇ ਨਿਰਭਰ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।