ਪਾਕਿ ''ਚ ਪੁਲਸ ''ਤੇ ਹਮਲਾ ਕਰਨ ਦੇ ਬਾਵਜੂਦ ਭੀੜ ਈਸ਼ ਨਿੰਦਾ ਦੇ ਸ਼ੱਕੀ ਨੂੰ ਫੜਨ ''ਚ ਅਸਫਲ
Monday, Nov 29, 2021 - 04:14 PM (IST)
ਪੇਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਵਿੱਚ ਐਤਵਾਰ ਰਾਤ ਨੂੰ ਮੁਸਲਿਮ ਲੋਕਾਂ ਦੀ ਭੀੜ ਨੇ ਪੁਲਸ ਨੂੰ ਇੱਕ ਈਸ਼ਨਿੰਦਾ ਦੋਸ਼ੀ ਨੂੰ ਉਹਨਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ। ਇਸ ਮਗਰੋਂ ਜਦੋਂ ਪੁਲਸ ਨੇ ਦੋਸ਼ੀ ਵਿਅਕਤੀ ਨੂੰ ਸੌਂਪਣ ਤੋਂ ਇਨਕਾਰ ਕੀਤਾ ਤਾਂ ਭੀੜ ਨੇ ਇੱਕ ਪੁਲਸ ਸਟੇਸ਼ਨ ਅਤੇ ਚਾਰ ਪੁਲਸ ਚੌਕੀਆਂ 'ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਸਾੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮਾਨਸਿਕ ਤੌਰ 'ਤੇ ਬੀਮਾਰ ਇਕ ਵਿਅਕਤੀ 'ਤੇ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਦਾ ਅਪਮਾਨ ਕਰਨ ਦਾ ਦੋਸ਼ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਦੇ ਸਿੰਧ ਸੂਬੇ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਖਿੱਲਰੇ ਮਿਲੇ ਅੰਗ (ਤਸਵੀਰਾਂ)
ਸਥਾਨਕ ਅਧਿਕਾਰੀ ਆਸਿਫ ਖਾਨ ਨੇ ਦੱਸਿਆ ਕਿ ਹਮਲੇ 'ਚ ਕੋਈ ਅਧਿਕਾਰੀ ਜ਼ਖਮੀ ਨਹੀਂ ਹੋਇਆ ਹੈ। ਹਮਲੇ ਕਾਰਨ ਪੁਲਸ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਚਾਰਸਦਾ ਜ਼ਿਲ੍ਹੇ ਵਿੱਚ ਵਿਵਸਥਾ ਬਹਾਲ ਕਰਨ ਲਈ ਫ਼ੌਜੀਆਂ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਕ ਵੀਡੀਓ 'ਚ ਪੁਲਸ ਸਟੇਸ਼ਨ ਨੂੰ ਅੱਗ ਲੱਗਦੀ ਦਿਖਾਈ ਦੇ ਰਹੀ ਹੈ। ਖਾਨ ਨੇ ਕਿਹਾ ਕਿ ਅਧਿਕਾਰੀਆਂ ਨੇ ਨਜ਼ਰਬੰਦ ਨੂੰ ਕੁੱਟਣ ਦੀ ਭੀੜ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਪੁਲਸ ਉਸ ਨੂੰ ਦੂਜੇ ਜ਼ਿਲ੍ਹੇ ਵਿੱਚ ਲੈ ਗਈ। ਉਹਨਾਂ ਨੇ ਇਹ ਕਹਿੰਦੇ ਹੋਏ ਵਿਅਕਤੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਕਿ ਅਧਿਕਾਰੀ ਅਜੇ ਵੀ ਜਾਂਚ ਕਰ ਰਹੇ ਹਨ ਅਤੇ ਸ਼ੱਕੀ ਨੂੰ ਇੱਕ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਸੋਨਾਰੀ ਬਾਗੜੀ ਨੇ ਮੰਦਰ ਨੂੰ ਹੀ ਬਣਾ ਦਿੱਤਾ ਸਕੂਲ
ਖਾਨ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ੁਰੂ ਵਿਚ ਵਿਰੋਧ ਕੀਤਾ ਪਰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਪੁਲਸ ਇਮਾਰਤਾਂ 'ਤੇ ਹਮਲਾ ਕਰਨ ਤੋਂ ਬਾਅਦ ਉਹ ਉੱਥੋਂ ਭੱਜ ਗਏ। ਉਨ੍ਹਾਂ ਕਿਹਾ ਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ ਦੇ ਕਿਸੇ ਜਾਨੀ ਨੁਕਸਾਨ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਚਾਰਸਦਾ ਵਿੱਚ ਸਥਿਤੀ ਆਮ ਵਾਂਗ ਸੀ ਅਤੇ ਪੁਲਸ ਹਮਲਿਆਂ ਨਾਲ ਜੁੜੇ ਲੋਕਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਸੀ। ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ, ਜਿੱਥੇ ਅਕਸਰ ਜੁਰਮ ਦਾ ਦੋਸ਼ ਭੀੜ ਦੀ ਹਿੰਸਾ ਨੂੰ ਭੜਕਾਉਣ ਲਈ ਕਾਫੀ ਹੁੰਦਾ ਹੈ।