ਮਿਜ਼ਾਈਲ ਹਮਲੇ ਕਾਰਨ ਮਚੀ ਤਬਾਹੀ, 51 ਲੋਕਾਂ ਦੀ ਮੌਤ
Wednesday, Sep 04, 2024 - 12:00 PM (IST)
ਇੰਟਰਨੈਸ਼ਨਲ ਡੈਸਕ - ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੇ ਸੰਘਰਸ਼ 'ਚ ਹਾਲ ਹੀ 'ਚ ਹੋਏ ਮਿਜ਼ਾਈਲ ਹਮਲੇ ਨੇ ਇਕ ਵਾਰ ਫਿਰ ਤਣਾਅ ਸਿਖਰ 'ਤੇ ਪਹੁੰਚਾ ਦਿੱਤਾ ਹੈ। ਇਸ ਦੌਰਾਨ ਰੂਸ ਨੇ ਮੰਗਲਵਾਰ ਨੂੰ ਯੂਕ੍ਰੇਨ ਦੇ ਪੋਲਟਾਵਾ ਖੇਤਰ 'ਚ ਸਥਿਤ ਇਕ ਮਿਲਟਰੀ ਇੰਸਟੀਚਿਊਟ 'ਤੇ 2 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਜਿਸ ਕਾਰਨ ਹਮਲੇ 'ਚ 51 ਲੋਕਾਂ ਦੀ ਮੌਤ ਹੋ ਗਈ ਹੈ ਅਤੇ 271 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਹਮਲੇ ’ਚ ਮਾਰੇ ਗਏ ਲੋਕਾਂ ’ਚ ਕਈ ਫੌਜੀ ਸ਼ਾਮਲ ਸਨ। ਹਾਲਾਂਕਿ ਯੂਕ੍ਰੇਨ ਦੇ ਸੁਰੱਖਿਆ ਬਲਾਂ ਨੇ ਇਹ ਨਹੀਂ ਦੱਸਿਆ ਕਿ ਮਾਰੇ ਗਏ ਲੋਕਾਂ ’ਚ ਫੌਜੀਆਂ ਦੀ ਗਿਣਤੀ ਕਿੰਨੀ ਸੀ।ਦੱਸ ਦਈਏ ਕਿ ਇਹ ਹਮਲਾ ਪੋਲਟਾਵਾ ’ਚ ਮਿਲਟਰੀ ਕਮਿਊਨੀਕੇਸ਼ਨਜ਼ ਇੰਸਟੀਚਿਊਟ 'ਤੇ ਹੋਇਆ, ਜੋ ਕਿ ਯੂਕ੍ਰੇਨ ਦੇ ਫੌਜੀ ਬਲਾਂ ਲਈ ਇਕ ਮਹੱਤਵਪੂਰਨ ਕੇਂਦਰ ਹੈ।
ਮਿਜ਼ਾਈਲਾਂ ਇੰਸਟੀਚਿਊਟ ਦੀਆਂ ਇਮਾਰਤਾਂ 'ਤੇ ਡਿੱਗੀਆਂ, ਜਿਸ ਨਾਲ ਇਮਾਰਤਾਂ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਅਤੇ ਕਈ ਲੋਕ ਮਲਬੇ ਹੇਠਾਂ ਦੱਬ ਗਏ। ਯੂਕ੍ਰੇਨ ਦੀਆਂ ਐਮਰਜੈਂਸੀ ਸੇਵਾਵਾਂ ਮੁਤਾਬਕ ਹੁਣ ਤੱਕ 25 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ ’ਚੋਂ 11 ਨੂੰ ਮਲਬੇ ਹੇਠੋਂ ਬਾਹਰ ਕੱਢ ਲਿਆ ਗਿਆ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ "ਰੂਸੀ ਬਰਬਾਦੀ" ਕਿਹਾ। ਉਨ੍ਹਾਂ ਨੇ ਇਸ ਹਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਇਸ ਘਿਨੌਣੇ ਅਪਰਾਧ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਰਾਸ਼ਟਰਪਤੀ ਜ਼ੇਲੇਂਸਕੀ ਨੇ ਆਪਣੇ ਵੀਡੀਓ ਸੰਬੋਧਨ ’ਚ ਕਿਹਾ ਕਿ ਹਮਲੇ ਨੇ ਯੂਕ੍ਰੇਨ ਲਈ ਇਕ ਹੋਰ ਦੁਖਦਾਈ ਦਿਨ ਜੋੜਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਬਚਾਅ ਟੀਮਾਂ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨੂੰ ਝਟਕਾ; ਹਫਤੇ 'ਚ ਸਿਰਫ 24 ਘੰਟੇ ਕੰਮ ਕਰਨ ਦੇ ਯੋਗ
ਜਾਣਕਾਰੀ ਮੁਤਾਬਕ ਇਹ ਹਮਲਾ ਯੂਕ੍ਰੇਨ ਦੇ ਫੌਜੀ ਬਲਾਂ ਲਈ ਇਕ ਵੱਡਾ ਝਟਕਾ ਹੈ ਕਿਉਂਕਿ ਇਹ ਸੰਸਥਾ ਉਨ੍ਹਾਂ ਦੇ ਸੰਚਾਰ ਅਤੇ ਰਣਨੀਤਕ ਵਿਕਾਸ ਲਈ ਮਹੱਤਵਪੂਰਨ ਸੀ। ਯੂਕ੍ਰੇਨ ਦਾ ਰੱਖਿਆ ਮੰਤਰਾਲਾ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਫੌਜੀਆਂ ਦੀ ਸੁਰੱਖਿਆ ਲਈ ਢੁੱਕਵੇਂ ਉਪਾਅ ਕੀਤੇ ਗਏ ਸਨ। ਇਸ ਹਮਲੇ ਨੇ ਯੂਕ੍ਰੇਨ ਦੇ ਫੌਜੀ ਅਦਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਰੂਸ ਨੇ ਹਾਲ ਹੀ ਦੇ ਹਫ਼ਤਿਆਂ ’ਚ ਯੂਕ੍ਰੇਨ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਤੇਜ਼ ਕੀਤੇ ਹਨ। ਇਸ ਹਮਲੇ ਤੋਂ ਪਹਿਲਾਂ ਰੂਸ ਨੇ ਪਿਛਲੇ ਹਫ਼ਤੇ ਯੂਕ੍ਰੇਨ ’ਚ ਕਈ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਸਭ ਤੋਂ ਭਾਰੀ ਬੰਬਾਰੀ ਕੀਤੀ ਸੀ। ਯੂਕ੍ਰੇਨ ਨੇ ਵੀ ਰੂਸ ਦੇ ਖਿਲਾਫ ਜਵਾਬੀ ਕਾਰਵਾਈ ਕਰਦੇ ਹੋਏ 158 ਡਰੋਨਾਂ ਨਾਲ ਇਕ ਰੂਸੀ ਤੇਲ ਰਿਫਾਇਨਰੀ ਅਤੇ ਪਾਵਰ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।