ਟੈਕਸਾਸ 'ਚ ਮਿਲਟਰੀ ਟ੍ਰੇਨਿੰਗ ਜਹਾਜ਼ ਹੋਇਆ ਕ੍ਰੈਸ਼, ਦੋ ਪਾਇਲਟ ਜ਼ਖ਼ਮੀ
Tuesday, Sep 21, 2021 - 01:00 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਟੈਕਸਾਸ ਵਿੱਚ ਇੱਕ ਮਿਲਟਰੀ ਟ੍ਰੇਨਿੰਗ ਜਹਾਜ਼ ਐਤਵਾਰ ਨੂੰ ਹਾਦਸਾ ਗ੍ਰਸਤ ਹੋਇਆ, ਜਿਸ 'ਚ ਦੋ ਪਾਇਲਟ ਜ਼ਖ਼ਮੀ ਹੋ ਗਏ ਅਤੇ ਤਿੰਨ ਘਰ ਵੀ ਨੁਕਸਾਨੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਟੈਕਸਾਸ ਦੇ ਫੋਰਟ ਵਰਥ ਦੇ ਨੇੜਲੇ ਇਲਾਕੇ ਲੇਕ ਵਰਥ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਹੋਇਆ। ਲੇਕ ਵਰਥ ਪੁਲਸ ਮੁਖੀ ਅਨੁਸਾਰ ਅਧਿਕਾਰੀਆਂ ਨੂੰ ਐਤਵਾਰ ਸਵੇਰੇ 11 ਵਜੇ ਤੋਂ ਪਹਿਲਾਂ ਡਿੱਗੇ ਜਹਾਜ਼ ਬਾਰੇ ਸੂਚਨਾ ਪ੍ਰਾਪਤ ਹੋਈ।
ਇਹ ਵੀ ਪੜ੍ਹੋ - ਬਾਈਡੇਨ ਪ੍ਰਸ਼ਾਸਨ ਦਾ ਵੱਡਾ ਐਲਾਨ, ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਤੋਂ ਹਟਾਈ ਯਾਤਰਾ ਪਾਬੰਦੀ
ਇਸ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਉਸ 'ਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ, ਨਹੀਂ ਤਾਂ ਇਸ ਹਾਦਸੇ ਵਿੱਚ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਇਨ੍ਹਾਂ ਦੋ ਜ਼ਖਮੀ ਹੋਏ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਇਸ ਕ੍ਰੈਸ਼ ਨਾਲ ਇਲਾਕੇ ਦੇ ਤਿੰਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਰੈੱਡ ਕਰਾਸ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਲੇਕ ਵਰਥ ਦਾ ਪੁਲਸ ਵਿਭਾਗ ਇਸ ਹਾਦਸੇ ਦੀ ਜਾਂਚ ਅਤੇ ਅਗਲੀ ਕਾਰਵਾਈ ਲਈ ਸਬੰਧਿਤ ਏਜੰਸੀਆਂ ਅਤੇ ਨੇਵਲ ਕ੍ਰਿਮੀਨਲ ਇਨਵੈਸਟੀਗੇਟਿਵ ਸਰਵਿਸ (ਐਨ.ਸੀ.ਆਈ.ਐਸ.) ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।