ਕੈਨੇਡਾ : ਗੋਲੀਬਾਰੀ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 23, ਘਰਾਂ ''ਚੋਂ ਮਿਲੀਆਂ ਹੋਰ ਲਾਸ਼ਾਂ

04/22/2020 11:07:37 AM

ਓਟਾਵਾ- ਕੈਨੇਡਾ ਦੀ ਪੁਲਸ ਨੇ ਦੱਸਿਆ ਕਿ ਬੀਤੇ ਦਿਨੀਂ ਨੋਵਾ ਸਕੋਟੀਆ ਸੂਬੇ ਵਿਚ ਹੋਈ ਸਮੂਹਿਕ ਗੋਲੀਬਾਰੀ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 18 ਤੋਂ ਵੱਧ ਕੇ 23 ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਸਾੜੇ ਗਏ ਘਰਾਂ ਅਤੇ ਵਾਹਨਾਂ ਵਿਚੋਂ ਮਨੁੱਖੀ ਸਰੀਰ ਦੇ ਕੁਝ ਅਵਸ਼ੇਸ਼ ਮਿਲੇ ਹਨ। ਰਾਇਲ ਕੈਨੇਡੀਅਨ ਮਾਊਂਟਡ ਪੁਲਸ ਨੇ ਇਕ ਬਿਆਨ ਵਿਚ ਕਿਹਾ, "ਸਾਡਾ ਮੰਨਣਾ ਹੈ ਕਿ 23 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਇਕ ਮ੍ਰਿਤਕ ਦੀ ਉਮਰ 17 ਸਾਲ ਹੈ।" ਉਨ੍ਹਾਂ ਮੁਤਾਬਕ ਹਮਲਾਵਰ ਨੇ ਘੱਟ ਤੋਂ ਘੱਟ 5 ਘਰਾਂ, ਇਮਾਰਤਾਂ ਅਤੇ ਵਾਹਨਾਂ ਨੂੰ ਅੱਗ ਲਗਾਈ।

ਕੈਨੇਡਾ ਦੇ ਇਤਿਹਾਸ ਵਿਚ ਗੋਲੀਬਾਰੀ ਦੀ ਇਹ ਘਟਨਾ ਸਭ ਤੋਂ ਵੱਡੀ ਮੰਨੀ ਜਾ ਰਹੀ ਹੈ। ਖਬਰਾਂ ਮੁਤਾਬਕ ਹਮਲਾਵਰ ਨੇ ਪੁਲਸ ਦੀ ਵਰਦੀ ਵਰਗੇ ਕੱਪੜੇ ਪਾਏ ਸਨ। ਉਹ ਆਪਣੀ ਕਾਰ ਲੈ ਕੇ ਇਕ ਤੋਂ ਬਾਅਦ ਇਕ ਘਰ ਵਿਚ ਦਾਖਲ ਹੁੰਦਾ ਰਿਹਾ ਤੇ ਲੋਕਾਂ ਨੂੰ ਗੋਲੀਆਂ ਮਾਰਨ ਮਗਰੋਂ ਘਰਾਂ ਨੂੰ ਅੱਗ ਲਗਾਉਂਦਾ ਰਿਹਾ। ਬਾਅਦ ਵਿਚ ਪੁਲਸ ਨੇ ਹਮਲਾਵਰ ਨੂੰ ਮਾਰ ਦਿੱਤਾ। ਹਮਲਵਾਰ ਦੀ ਪਛਾਣ 51 ਸਾਲਾ ਗੈਬ੍ਰਿਏਲ ਵਰਟਮੈਨ ਵਜੋਂ ਹੋਈ ਹੈ। 

ਜ਼ਿਕਰਯੋਗ ਹੈ ਕਿ 1989 ਤੋਂ ਬਾਅਦ ਕੈਨੇਡਾ ਵਿਚ ਗੋਲੀਬਾਰੀ ਦੀ ਇਹ ਵੱਡੀ ਘਟਨਾ ਵਾਪਰੀ ਹੈ। ਉਸ ਸਮੇਂ ਮਾਂਟਰੀਅਲ ਵਿਚ ਬੰਦੂਕਧਾਰੀ ਨੇ 14 ਲੋਕਾਂ ਦਾ ਕਤਲ ਕਰ ਦਿੱਤਾ ਸੀ। ਇਸ ਮਗਰੋਂ ਕੈਨੇਡਾ ਨੇ ਹਥਿਆਰ ਰੱਖਣ ਸਬੰਧੀ ਕਾਨੂੰਨ ਨੂੰ ਸਖਤ ਕਰ ਦਿੱਤਾ ਸੀ। 


Lalita Mam

Content Editor

Related News