ਮੈਰੀਲੈਂਡ ਦੀ ਦੀਵਾਲੀ ''ਬਾਲਟੀਮੋਰ ਗੁਰੂਘਰ'' ਵਿਖੇ ਮਨਾਈ ਗਈ, ਵੱਡੀ ਗਿਣਤੀ ''ਚ ਪੁੱਜੀ ਸੰਗਤ

10/21/2017 2:24:43 PM

ਮੈਰੀਲੈਂਡ, (ਰਾਜ ਗੋਗਨਾ)—'ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ' ਦੀ ਪ੍ਰਬੰਧਕ ਕਮੇਟੀ ਵਲੋਂ ਦੀਵਾਲੀ ਬੰਦੀ ਛੋੜ ਦਿਵਸ ਵਜੋਂ ਮਨਾਈ ਗਈ ਹੈ। ਇੱਥੇ ਗੁਰੂਘਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਕੀਰਤਨ ਦਾ ਪ੍ਰਵਾਹ ਵੀ ਦੀਵਾਲੀ ਨੂੰ ਸਮਰਪਿਤ ਰਿਹਾ। ਸੰਗਤਾਂ ਵਿੱਚ ਭਾਰੀ ਜੋਸ਼ ਸੀ। ਉਨ੍ਹਾਂ ਵਲੋਂ ਲੰਗਰ, ਜੋੜੇ ਘਰ ਅਤੇ ਟਰਾਂਸਪੋਰਟ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। 
ਜ਼ਿਕਰਯੋਗ ਹੈ ਕਿ ਬਾਲਟੀਮੋਰ ਦੇ ਗੁਰੂਘਰਾਂ ਵਿਚੋਂ ਕੇਵਲ 'ਸਿੱਖ ਐਸੋਸੀਏਸ਼ਨ ਰੈਡਲਜ਼ ਟਾਊਨ ਗੁਰੂਘਰ' ਵਲੋਂ ਹੀ ਵੱਡੇ ਪੱਧਰ 'ਤੇ ਦੀਵਾਲੀ ਮਨਾਈ ਜਾਂਦੀ ਹੈ। ਇਸ ਕਰਕੇ ਵੱਖ-ਵੱਖ ਭਾਈਚਾਰਿਆਂ ਵਲੋਂ ਸੰਗਤ ਦੇ ਰੂਪ ਵਿਚ ਗੁਰੂਘਰ ਵਿਖੇ ਭਾਰੀ ਇਕੱਠ ਦੇ ਰੂਪ ਵਿਚ ਦਰਸ਼ਨ ਕੀਤੇ। ਸੱਤ ਵਜੇ ਤੋਂ ਨੌਂ ਵਜੇ ਤੱਕ ਸੰਗਤਾਂ ਆਉਂਦੀਆਂ ਰਹੀਆਂ। ਇਸ ਕਰਕੇ ਕੀਰਤਨ ਦਾ ਸਮਾਂ ਵਾਰ-ਵਾਰ ਵਧਾਉਣਾ ਪਿਆ। ਸੰਗਤਾਂ ਅਤੇ ਪ੍ਰਬੰਧਕਾਂ ਨੇ ਮਹਿਸੂਸ ਕੀਤਾ ਕਿ ਇਕੱਠ ਦੇ ਹਿਸਾਬ ਨਾਲ ਗੁਰੂਘਰ ਦੀ ਇਮਾਰਤ ਛੋਟੀ ਲੱਗ ਰਹੀ ਸੀ, ਜਿਸ ਕਰਕੇ ਇਸ ਬਾਰੇ ਕੁਝ ਕਰਨ ਦੀ ਲੋੜ ਹੈ। ਉਸੇ ਤਰ੍ਹਾਂ ਹੀ ਲਾਈਟ ਦਾ ਪ੍ਰਬੰਧ ਵੀ ਗੇਟ ਦੇ ਨਜ਼ਦੀਕ ਹੋਣਾ ਲਾਜ਼ਮੀ ਹੈ, ਜਿਸ ਨੂੰ ਤੁਰੰਤ ਕਰਨਾ ਲੋੜਦਾ ਹੈ।
ਸਮਾਗਮ ਉਪਰੰਤ ਸੰਗਤਾਂ ਦਾ ਇਕੱਠ ਨਿਸ਼ਾਨ ਸਾਹਿਬ ਦੇ ਇਰਦ-ਗਿਰਦ ਹੋ ਗਿਆ, ਜਿੱਥੇ ਸੰਗਤਾਂ ਨੂੰ ਮਿਠਾਈਆਂ ਵੰਡੀਆਂ ਗਈਆਂ, ਉਪਰੰਤ ਆਤਿਸ਼ਬਾਜ਼ੀ ਦਾ ਖੂਬ ਰੰਗ ਬੰਨ੍ਹਿਆ ਗਿਆ। ਆਤਿਸ਼ਬਾਜ਼ੀ ਇੰਨੀ ਸ਼ਕਤੀਸ਼ਾਲੀ ਸੀ ਕਿ ਕੁਝ ਇੱਕ ਨੂੰ ਇਸ ਆਤਿਸ਼ਬਾਜ਼ੀ ਦਾ ਸੇਕ ਲੱਗਾ। ਭਾਵੇਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਪ੍ਰਬੰਧਕਾਂ ਨੂੰ ਭਵਿੱਖ ਲਈ ਸੋਚਣ ਲਾ ਦਿੱਤਾ ਕਿ ਆਤਿਸ਼ਬਾਜ਼ੀ ਏਰੀਏ ਨੂੰ ਕੋਰੀਡੋਰ ਕਰਕੇ ਸੰਗਤਾਂ ਨੂੰ ਦੂਰ ਰੱਖਿਆ ਜਾਵੇ। ਸਮੁੱਚੇ ਤੌਰ 'ਤੇ ਪ੍ਰਬੰਧਕਾਂ ਵਲੋਂ ਬਹੁਤ ਹੀ ਸੁਚੱਜਾ ਪ੍ਰਬੰਧ ਦਿਲਚਸਪੀ ਨਾਲ ਕੀਤਾ। ਇਸ ਵਿੱਚ ਚੇਅਰਮੈਨ ਅਤੇ ਪ੍ਰਧਾਨ ਖੁਦ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਏ।
ਸੰਗਤਾਂ ਜਿੱਥੇ ਇੱਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੀਆਂ ਸਨ, ਉੱਥੇ ਗਲੇ ਮਿਲ ਕੇ ਨਵੇਂ ਸਾਲ ਦੀ ਸ਼ੁੱਭ ਕਾਮਨਾ ਕਰਦੀਆਂ ਵੀ ਨਜ਼ਰ ਆਈਆਂ ਸਨ। ਜੇਕਰ ਆਪਸੀ ਭਾਈਚਾਰਾ ਹਰ ਰੰਗ ਵਿੱਚ ਇਕਜੁੱਟ ਹੋ ਕੇ ਸਹਿਯੋਗ ਦੇਵੇ ਤਾਂ ਉਹ ਦਿਨ ਦੂਰ ਨਹੀਂ ਕਿ ਬਾਲਟੀਮੋਰ ਪ੍ਰਬੰਧਕ ਕਮੇਟੀ ਅਮਰੀਕਾ ਦੀ ਇਤਿਹਾਸਕ ਸਹਿਯੋਗੀ ਪ੍ਰਬੰਧਕ ਕਮੇਟੀ ਮੰਨੀ ਜਾਵੇਗੀ। ਜਿਸ ਲਈ ਨਿੱਜ ਤੋਂ ਉੱਪਰ ਉੱਠ ਕੇ ਹਰੇਕ ਸਾਂਝੇ ਕੰਮ ਨੂੰ ਕਰਨ ਦੀ ਤਰਜੀਹ ਦੇਣਾ ਸਮੇਂ ਦੀ ਲੋੜ ਹੈ। ਇਸ ਲਈ ਉਪਰਾਲੇ ਜਾਰੀ ਹਨ ਪਰ ਕੁਝ ਸੌੜੀ ਸੋਚ ਵਾਲੇ ਕੇਵਲ ਪਾਰਟੀ ਤੱਕ ਹੀ ਸੀਮਤ ਹਨ। ਇਸ ਕਰਕੇ ਭਵਿੱਖ ਦੇ ਵਿਕਾਸ ਕੰਮਾਂ ਨੂੰ ਢਾਹ ਲੱਗ ਸਕਦੀ ਹੈ ਪਰ ਸਮੁੱਚੇ ਤੌਰ 'ਤੇ ਹਾਲ ਦੀ ਘੜੀ ਦੀਵਾਲੀ ਦਾ ਅਵਸਰ ਸਿੱਖ ਐਸੋਸੀਏਸ਼ਨ ਗੁਰੂਘਰ ਦੀ ਬੱਲੇ-ਬੱਲੇ ਕਰਾ ਗਿਆ, ਜਿੱਥੇ ਦੀਵਾਲੀ ਦੀ ਸੰਗਤ ਰਿਕਾਰਡ ਤੋੜ ਦਰਸ਼ਨ ਕਰਕੇ ਦੀਵਾਲੀ ਦੇ ਮੌਕੇ ਦਾ ਲਾਹਾ ਹਰ ਪੱਖ ਤੋਂ ਲੈ ਗਈ ਹੈ। ਪ੍ਰਬੰਧਕ ਵਧਾਈ ਦੇ ਪਾਤਰ ਹਨ।


Related News