ਲੰਡਨ ਤੋਂ 21 ਅਕਤੂਬਰ ਨੂੰ ਦੇਸ਼ ਪਰਤ ਰਹੇ ਹਨ ਨਵਾਜ਼ ਸ਼ਰੀਫ਼, ਧੀ ਮਰੀਅਮ ਨੇ ਦਿੱਤੇ ਨਿੱਘੇ ਸੁਆਗਤ ਦੇ ਨਿਰਦੇਸ਼

Saturday, Sep 16, 2023 - 03:54 PM (IST)

ਲੰਡਨ ਤੋਂ 21 ਅਕਤੂਬਰ ਨੂੰ ਦੇਸ਼ ਪਰਤ ਰਹੇ ਹਨ ਨਵਾਜ਼ ਸ਼ਰੀਫ਼, ਧੀ ਮਰੀਅਮ ਨੇ ਦਿੱਤੇ ਨਿੱਘੇ ਸੁਆਗਤ ਦੇ ਨਿਰਦੇਸ਼

ਲਾਹੌਰ (ਭਾਸ਼ਾ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.ਏ.-ਐੱਨ.) ਦੀ ਨੇਤਾ ਮਰੀਅਮ ਨਵਾਜ਼ ਨੇ ਪੰਜਾਬ ਸੂਬੇ ਵਿਚ ਪਾਰਟੀ ਟਿਕਟ ਧਾਰਕਾਂ ਨੂੰ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਨਿੱਘਾ ਸੁਆਗਤ ਕਰਨ ਲਈ ਵੱਡੀ ਭੀੜ ਇਕੱਠੀ ਕਰਨ ਦਾ ਨਿਰਦੇਸ਼ ਦਿੱਤਾ ਹੈ, ਜੋ ਪਾਰਟੀ ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਲਈ 21 ਅਕਤੂਬਰ ਨੂੰ ਲੰਡਨ ਤੋਂ ਦੇਸ਼ ਪਰਤਣਗੇ। 'ਡਾਨ' ਅਖ਼ਬਾਰ ਦੀ ਖ਼ਬਰ ਮੁਤਾਬਕ ਪਾਰਟੀ ਨੇ ਲਾਹੌਰ ਹਵਾਈ ਅੱਡੇ 'ਤੇ ਸ਼ਰੀਫ (73) ਦੇ ਸਵਾਗਤ ਲਈ 2 ਲੱਖ ਲੋਕਾਂ ਨੂੰ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਸ਼ਰੀਫ ਨੇ ਬ੍ਰਿਟੇਨ ਵਿਚ ਆਪਣੀ 4 ਸਾਲ ਦੀ ਸਵੈ-ਜਲਾਵਤਨੀ ਖ਼ਤਮ ਕਰਨ ਤੋਂ ਬਾਅਦ ਆਪਣੇ ਵਤਨ ਪਰਤਣ ਦੀ ਯੋਜਨਾ ਬਣਾਈ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਮਰੀਅਮ ਨੇ ਵੀਰਵਾਰ ਨੂੰ ਮਾਡਲ ਟਾਊਨ ਸਥਿਤ ਪਾਰਟੀ ਸਕੱਤਰੇਤ 'ਚ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪੀ.ਐੱਮ.ਐੱਲ.-ਐੱਨ ਵਰਕਰਾਂ ਵੱਲੋਂ ਨਵਾਜ਼ ਦੇ 'ਇਤਿਹਾਸਕ ਸਵਾਗਤ' 'ਤੇ ਚਰਚਾ ਕੀਤੀ। ਪੀ.ਐੱਮ.ਐੱਲ.ਐੱਨ. ਦੀ ਮੁੱਖ ਕਨਵੀਨਰ ਮਰੀਅਮ ਨੇ ਪੰਜਾਬ ਵਿੱਚ ਪਾਰਟੀ ਟਿਕਟ ਧਾਰਕਾਂ ਨੂੰ ਕਿਹਾ ਕਿ ਉਹ ਆਪਣੇ ਪਿਤਾ ਦਾ ਨਿੱਘਾ ਸਵਾਗਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਲਿਆਉਣ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਦੂਜੀਆਂ ਵਿਧਾਨ ਸਭਾਵਾਂ ਲਈ ਪਾਰਟੀ ਟਿਕਟ ਦੇ ਚਾਹਵਾਨ ਵੀ ਉਤਸ਼ਾਹਿਤ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਨਵਾਜ਼ ਦੀ ਦੇਸ਼ ਵਾਪਸੀ ਦੀ ਤਾਰੀਖ਼ 'ਚ ਕੋਈ ਬਦਲਾਅ ਨਹੀਂ ਹੋਵੇਗਾ।


author

cherry

Content Editor

Related News