ਮਨਪ੍ਰੀਤ ਬਾਦਲ ਸਿੰਗਾਪੁਰ ''ਚ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਹੋਏ ਨਤਮਸਤਕ

09/07/2018 11:46:25 AM

ਚੰਡੀਗੜ੍ਹ / ਸਿੰਗਾਪੁਰ(ਭੁੱਲਰ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਿੰਗਾਪੁਰ ਦੀ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਉਨ੍ਹਾਂ ਪੰਜ ਹਜ਼ਾਰ ਸਿੱਖ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸਨ। ਵਿੱਤ ਮੰਤਰੀ ਨੇ 5 ਸਤੰਬਰ 2018 ਨੂੰ ਕ੍ਰਾਂਜੀ ਜੰਗੀ ਯਾਦਗਾਰ ਦੇ ਦੌਰੇ ਦੌਰਾਨ ਇਨ੍ਹਾਂ ਸਿਪਾਹੀਆਂ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਕ੍ਰਾਂਜੀ ਜੰਗੀ ਯਾਦਗਾਰ ਵਿਖੇ ਲਿਖੇ ਸਿੱਖਾਂ ਅਤੇ ਪੰਜਾਬੀਆਂ ਦੇ ਨਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਇਨ੍ਹਾਂ ਯੋਧਿਆਂ ਨੇ ਆਪਣੇ ਘਰਾਂ ਦਾ ਆਰਾਮ ਛੱਡ ਕੇ ਹੋਰਨਾਂ ਦੀ ਆਜ਼ਾਦੀ ਲਈ ਬ੍ਰਿਟਿਸ਼ ਸਰਕਾਰ ਨਾਲ ਲੜਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅੱਜ ਇਨ੍ਹਾਂ ਸੂਰਵੀਰਾਂ ਦੇ ਯਤਨਾਂ ਸਦਕਾ ਲੋਕ ਖੁੱਲ੍ਹੀਆਂ ਹਵਾਵਾਂ ਵਿਚ ਸਾਹ ਲੈ ਰਹੇ ਹਨ।


PunjabKesari
ਉਨ੍ਹਾਂ ਨਾਲ ਸਿੰਗਾਪੁਰ ਵਿਖੇ ਭਾਰਤੀ ਨੇਵਲ ਅਟੈਚ ਕੈਪਟਨ ਸੰਦੀਪ ਮਰਾਠੇ ਅਤੇ ਸਿੰਗਾਪੁਰ ਵਿਖੇ ਬ੍ਰਿਟਿਸ਼ ਮਿਲਟਰੀ ਅਟੈਚ ਕਮਾਂਡਰ ਮੌਰੀਸਨ ਵੀ ਮੌਜੂਦ ਸਨ। ਸਿੰਗਾਪੁਰ ਤੋਂ ਪਰਤਣ 'ਤੇ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਭਾਰਤੀ ਸਿਪਾਹੀਆਂ ਵਿਚ ਸਿੱਖ ਰੈਜੀਮੈਂਟ, ਪੰਜਾਬ ਰੈਜੀਮੈਂਟ, ਪਟਿਆਲਾ ਸਟੇਟ ਫੋਰਸਿਜ਼, ਕਪੂਰਥਲਾ ਸਟੇਟ ਫੋਰਸਿਜ਼, ਜੀਂਦ ਸਟੇਟ ਫੋਰਸਿਜ਼, ਗੋਰਖਾ ਅਤੇ ਡੋਗਰਾ ਰੈਜੀਮੈਂਟ ਦੇ ਸਿਪਾਹੀ ਸ਼ਾਮਲ ਸਨ। ਕ੍ਰਾਂਜੀ ਜੰਗੀ ਯਾਦਗਾਰ ਵਿਚ 12 ਕਾਲਮ ਹਨ, ਜਿਨ੍ਹਾਂ ਵਿਚ 24000 ਸ਼ਹੀਦਾਂ ਦੇ ਨਾਂ ਲਿਖੇ ਹੋਏ ਹਨ। ਸਿੰਗਾਪੁਰ ਵਿਖੇ ਇਨਵੈਸਟ ਨਾਰਥ ਸਮਿਟ 2018 'ਚ ਸ਼ਮੂਲੀਅਤ ਦੌਰਾਨ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਬਾਦਲ ਇਸ ਯਾਦਗਾਰ 'ਚ ਗਏ।


Related News