ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਯੇਰੂਸ਼ਲਮ ਫੈਸਲੇ 'ਤੇ ਟਰੰਪ ਕੀਤੀ ਆਲੋਚਨਾ
Saturday, Dec 16, 2017 - 10:05 AM (IST)

ਕੁਆਲਾਲੰਪੁਰ(ਭਾਸ਼ਾ)— ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੀ ਮਾਨਤਾ ਦੇਣ ਦੇ ਫੈਸਲੇ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਅੰਤਰਰਾਸ਼ਟਰੀ ਦਾਦਾਗਿਰੀ' ਕਰਨ ਵਾਲਾ ਕਰਾਰ ਦਿੱਤਾ ਹੈ। ਮੁਹੰਮਦ ਨੇ ਕੱਲ ਭਾਵ ਸ਼ੁੱਕਰਵਾਰ ਨੂੰ ਇੱਥੇ ਅਮਰੀਕੀ ਦੂਤਘਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਕਿਹਾ ਕਿ ਟਰੰਪ ਦੇ ਫੈਸਲੇ ਨਾਲ ਅੱਤਵਾਦ ਨੂੰ ਵਧਾਵਾ ਮਿਲੇਗਾ। ਮਲੇਸ਼ੀਆ ਵਿਰੋਧੀ ਗਠਜੋੜ ਦੇ ਪ੍ਰਮੁੱਖ ਮੁਹੰਮਦ ਨੇ ਕਿਹਾ 'ਅੱਜ ਸਾਡੇ ਸਾਹਮਣੇ ਇਕ ਇਕ ਅੰਤਰਰਾਸ਼ਟਰੀ ਧਮਕਾਉਣ ਵਾਲੇ ਹਨ। ਇਸ ਨਾਲ ਸਿਰਫ ਮੁਸਲਮਾਨਾਂ ਵਿਚ ਗੁੱਸਾ ਵਧੇਗਾ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਆਪਣੀ ਪੂਰੀ ਸ਼ਕਤੀ ਨਾਲ ਟਰੰਪ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਰੇ ਮੁਸਲਿਮ ਦੇਸ਼ਾਂ ਨੂੰ ਇਜ਼ਰਾਇਲ ਨਾਲ ਆਪਣੇ ਸਬੰਧ ਤੋੜ ਲੈਣੇ ਚਾਹੀਦੇ ਹਨ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰੱਜਾਕ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕਾ ਵੱਲੋਂ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੀ ਮਾਨਤਾ ਦਿੱਤੇ ਜਾਣ ਦਾ ਸਾਰੇ ਮੁਸਲਿਮ ਦੇਸ਼ਾਂ ਨੂੰ ਪੂਰੀ ਤਰ੍ਹਾਂ ਵਿਰੋਧ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਸੱਤ ਦਹਾਕਿਆਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਤੋੜ ਕੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇ ਦਿੱਤੀ ਹੈ। ਇਸ ਐਲਾਨ ਨਾਲ ਹੀ ਟਰੰਪ ਨੇ ਅਮਰੀਕੀ ਦੂਤਘਰ ਨੂੰ ਤੇਲ ਅਵੀਵ ਤੋਂ ਯੇਰੂਸ਼ਲਮ ਲਿਆਏ ਜਾਣ ਦਾ ਹੁਕਮ ਵੀ ਦੇ ਦਿੱਤਾ। ਇਸ ਦੇ ਉਲਟ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋ-ਆਪਰੇਸ਼ਨ (ਓ.ਆਈ.ਸੀ) ਨੇ ਯੇਰੂਸ਼ਲਮ ਨੂੰ ਫਲਸਤੀਨ ਦੀ ਰਾਜਧਾਨੀ ਘੋਸ਼ਿਤ ਕਰ ਦਿੱਤਾ ਹੈ। ਓ.ਆਈ.ਸੀ. ਨੇ ਅਮਰੀਕਾ ਦੇ ਇਸ ਫੈਸਲੇ ਨੂੰ ਪੱਛਮੀ ਏਸ਼ੀਆ ਵਿਚ ਸ਼ਾਂਤੀ ਲਈ ਕਰਾਰਾ ਝਟਕਾ ਦੱਸਿਆ ਹੈ।