ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ''ਲੁਫਥਾਂਸਾ ਏਅਰਲਾਈਨ'' ਦੇ ਪਾਇਲਟ ਹੜਤਾਲ ''ਤੇ, ਸੈਂਕੜੇ ਉਡਾਣਾਂ ਰੱਦ
Friday, Sep 02, 2022 - 05:45 PM (IST)
 
            
            ਫਰੈਂਕਫਰਟ (ਏਜੰਸੀ) : ਤਨਖਾਹਾਂ ਵਿੱਚ ਵਾਧੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਲਈ 'ਲੁਫਥਾਂਸਾ ਏਅਰਲਾਈਨ' ਦੇ ਪਾਇਲਟਾਂ ਨੇ ਸ਼ੁੱਕਰਵਾਰ ਨੂੰ ਇੱਕ ਦਿਨ ਦੀ ਹੜਤਾਲ ਕੀਤੀ, ਜਿਸ ਕਾਰਨ ਏਅਰਲਾਈਨ ਨੂੰ ਸੈਂਕੜੇ ਉਡਾਣਾਂ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਜਰਮਨੀ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਨੇ ਕਿਹਾ ਕਿ ਪਾਇਲਟਾਂ ਦੀ ਹੜਤਾਲ ਕਾਰਨ ਲਗਭਗ 800 ਉਡਾਣਾਂ ਰੱਦ ਹੋ ਗਈਆਂ, ਜਿਸ ਨਾਲ 100,000 ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ।
ਲੁਫਥਾਂਸਾ ਨੇ ਕਿਹਾ ਕਿ ਉਸ ਨੇ ਸੀਨੀਅਰ ਪਾਇਲਟਾਂ ਲਈ 5 ਫ਼ੀਸਦੀ (ਲਗਭਗ 900 ਡਾਲਰ) ਜਦੋਂਕਿ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਪੇਸ਼ੇਵਰਾਂ ਨੂੰ 18 ਫ਼ੀਸਦੀ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਸੀ। ਪਾਇਲਟਾਂ ਦੀ ਯੂਨੀਅਨ ਵੇਰੀਨੀਗੁੰਗ ਕਾਕਪਿਟ ਨੇ ਇਸ ਸਾਲ 5.5 ਫ਼ੀਸਦੀ ਵਾਧੇ ਅਤੇ 2023 ਵਿੱਚ ਮਹਿੰਗਾਈ ਦੇ ਵਾਧੇ ਦੇ ਅਨੁਸਾਰ ਤਨਖਾਹਾਂ ਵਿੱਚ ਵਧੇਰੇ ਵਾਧੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਪਾਇਲਟ ਨਵੇਂ ਤਨਖਾਹ ਸਕੇਲ ਅਤੇ ਛੁੱਟੀ ਦੇ ਢਾਂਚੇ ਦੀ ਮੰਗ ਕਰ ਰਹੇ ਹਨ, ਜਿਸ ਬਾਰੇ ਏਅਰਲਾਈਨ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਦੋ ਸਾਲਾਂ ਵਿੱਚ ਉਸ ਦੀ ਕਰਮਚਾਰੀਆਂ 'ਤੇ ਆਉਣ ਵਾਲੀ ਲਾਗਤ ਵਿਚ ਲਗਭਗ 40 ਫ਼ੀਸਦੀ ਵਾਧਾ ਹੋਵੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            