ਲੰਡਨ ਕੋਰਟ ਨੇ ਫਿਰ ਖਾਰਿਜ ਕੀਤੀ ਨੀਰਵ ਮੋਦੀ ਦੀ ਜ਼ਮਾਨਤ
Wednesday, May 08, 2019 - 10:22 PM (IST)

ਲੰਡਨ - ਬ੍ਰਿਟੇਨ ਦੇ ਵੈਸਟਮਿੰਸਟਰ ਕੋਰਟ ਨੇ ਇਕ ਵਾਰ ਫਿਰ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਦਿਨ ਬਾਅਦ ਹੋਵੇਗੀ। ਨੀਰਵ ਮੋਦੀ ਨੇ ਤੀਜੀ ਵਾਰ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ 2 ਵਾਰ ਲੰਡਨ ਕੋਰਟ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਨੂੰ ਨਾਮਨਜ਼ੂਰ ਕਰ ਚੁੱਕੀ ਹੈ।
ਇਸ ਮਾਮਲੇ 'ਚ 26 ਅਪ੍ਰੈਲ ਨੂੰ ਪਿਛਲੀ ਸੁਣਵਾਈ ਦੌਰਾਨ ਮੋਦੀ ਜੱਜ ਆਰਬੁਥਨਾਟ ਦੇ ਸਾਹਮਣੇ ਵੀਡੀਓ ਕਾਨਫਰੰਸ ਦੇ ਜ਼ਰੀਏ ਪੇਸ਼ ਹੋਇਆ ਸੀ, ਉਸ ਸਮੇਂ ਮੋਦੀ ਦੇ ਵਕੀਲਾਂ ਨੇ ਉਸ ਦੀ ਜ਼ਮਾਨਤ ਦੀ ਅਪੀਲ ਨਹੀਂ ਕੀਤੀ ਸੀ ਅਤੇ ਉਸ ਨੂੰ 24 ਮਈ ਤੱਕ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦੀ ਜ਼ਮਾਨਤ ਦੀਆਂ 2 ਪਟੀਸ਼ਨਾਂ ਨੂੰ ਅਦਾਲਤ ਨੇ ਇਸ ਆਧਾਰ 'ਤੇ ਖਾਰਿਜ ਕਰ ਦਿੱਤਾ ਸੀ ਕਿ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਉਹ ਆਤਮ-ਸਮਰਪਣ ਨਹੀਂ ਕਰੇਗਾ।