ਲੰਡਨ: ਟਾਵਰ ਬ੍ਰਿਜ ਤੋਂ ਥੈਮਜ਼ ਨਦੀ ''ਚ ਡਿੱਗਿਆ ਵਿਦਿਆਰਥੀ ਹੋਇਆ ਲਾਪਤਾ

Saturday, Apr 24, 2021 - 06:17 PM (IST)

ਲੰਡਨ: ਟਾਵਰ ਬ੍ਰਿਜ ਤੋਂ ਥੈਮਜ਼ ਨਦੀ ''ਚ ਡਿੱਗਿਆ ਵਿਦਿਆਰਥੀ ਹੋਇਆ ਲਾਪਤਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਵਿਚ ਮੰਗਲਵਾਰ ਦੇ ਦਿਨ ਇਕ ਸਕੂਲੀ ਵਿਦਿਆਰਥੀ ਟਾਵਰ ਬ੍ਰਿਜ ਤੋਂ ਥੇਮਜ਼ ਨਦੀ ਵਿਚ ਡਿੱਗ ਪਿਆ ਸੀ। ਉਹ ਅਜੇ ਤੱਕ ਵੀ ਲੱਭਿਆ ਨਹੀਂ ਜਾ ਸਕਿਆ। ਇਸ ਸਬੰਧ ਵਿਚ ਲੰਡਨ ਪੁਲਸ ਦੁਆਰਾ ਜਾਂਚ ਜਾਰੀ ਹੈ। ਵਿਦਿਆਰਥੀ ਦੇ ਹੈੱਡ ਟੀਚਰ ਨੇ ਦੱਸਿਆ ਕਿ ਉਹ 8ਵੀਂ ਕਲਾਸ ਦਾ ਵਿਦਿਆਰਥੀ ਸੀ, ਜਿਸ ਦੀ ਉਮਰ 12 ਜਾਂ 13 ਸਾਲ ਦੀ ਸੀ। ਇਹ ਵਿਦਿਆਰਥੀ ਮੰਗਲਵਾਰ ਸਵੇਰੇ ਆਪਣੇ ਇਕ ਦੋਸਤ ਨਾਲ ਬੱਸ ਵਿਚ ਯਾਤਰਾ ਕਰ ਰਿਹਾ ਸੀ ਅਤੇ ਆਪਣੇ ਸਟਾਪ ਤੋਂ ਪਹਿਲਾਂ ਉੱਤਰ ਗਿਆ ਸੀ।

ਲੰਡਨ ਪੁਲਸ ਨੇ ਕਿਹਾ ਕਿ ਅਧਿਕਾਰੀਆਂ, ਹੈਲੀਕਾਪਟਰਾਂ ਅਤੇ ਸਮੁੰਦਰੀ ਸਟਾਫ਼ ਦੀ ਸਖ਼ਤ ਮਿਹਨਤ ਦੇ ਬਾਵਜੂਦ ਵੀ ਅਜੇ ਤੱਕ ਲੜਕਾ ਨਹੀਂ ਮਿਲਿਆ ਹੈ। ਦੱਖਣੀ ਲੰਡਨ ਦੇ ਸਾਊਥਵਰਕ ਵਿਚ ਆਰਕ ਗਲੋਬ ਅਕੈਡਮੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਮੈਟ ਜੋਨਸ ਨੇ ਦੱਸਿਆ ਕਿ ਉਹ ਸਕੂਲ ਦੀ ਪੂਰੀ ਵਰਦੀ ਵਿਚ ਸੀ ਪਰ ਉਹ ਉਸ ਦੇ ਸਟਾਪ ਤੋਂ ਪਹਿਲਾਂ, ਪੁਲ ਦੇ ਨੇੜੇ ਬੱਸ ਤੋਂ ਉਤਰ ਗਿਆ ਸੀ, ਜਿਸ ਉਪਰੰਤ ਲੜਕਾ ਨਦੀ ਵਿਚ ਡਿੱਗ ਗਿਆ। ਘਟਨਾ ਸਥਾਨ 'ਤੇ ਮੌਜੂਦ ਇਕ ਔਰਤ ਯਾਤਰੀ ਨੇ ਉਸ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਪਾਣੀ ਵਿਚ ਛਲਾਂਗ ਲਗਾਈ ਪਰ ਉਹ ਉਸ ਦਾ ਸਕੂਲ ਬੈਗ ਹੀ ਪ੍ਰਾਪਤ ਕਰ ਸਕੀ। ਇਸ ਸਬੰਧੀ ਲੰਡਨ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਫੋਰਸ ਗੁੰਮਸ਼ੁਦਾ ਲੜਕੇ ਦੀ ਜਾਂਚ ਦੇ ਹਿੱਸੇ ਵਜੋਂ ਮੈਟਰੋਪੋਲੀਟਨ ਪੁਲਸ ਨਾਲ ਮਿਲ ਕੇ ਕੰਮ ਕਰ ਰਹੀ ਹੈ।
 


author

cherry

Content Editor

Related News