ਯੁਗਾਂਡਾ ''ਚ ''ਟਿੱਡੀ ਦਲ'' ਦਾ ਹਮਲਾ, ਫੌਜ ਤੋਂ ਲਈ ਜਾਵੇਗੀ ਮਦਦ

Tuesday, Feb 11, 2020 - 03:53 PM (IST)

ਯੁਗਾਂਡਾ ''ਚ ''ਟਿੱਡੀ ਦਲ'' ਦਾ ਹਮਲਾ, ਫੌਜ ਤੋਂ ਲਈ ਜਾਵੇਗੀ ਮਦਦ

ਜੋਹਾਨਿਸਬਰਗ- ਅਫਰੀਕੀ ਦੇਸ਼ ਯੁਗਾਂਡਾ ਵਿਚ ਫਸਲਾਂ ਨੂੰ ਖਰਾਬ ਕਰਨ ਵਾਲੇ ਟਿੱਡੀ ਦਲ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਸਮੱਸਿਆ ਨਾਲ ਨਿਪਟਣ ਦੇ ਲਈ ਫੌਜ ਦੀ ਮਦਦ ਲੈਣ ਦਾ ਫੈਸਲਾ ਲਿਆ ਗਿਆ ਹੈ। ਉਥੇ ਹੀ ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਸਾਵਧਾਨ ਕੀਤਾ ਕਿ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਇਸ ਖੇਤਰ ਵਿਚ ਅਸੀਂ ਦੂਜਾ ਵੱਡਾ ਝਟਕਾ ਬਰਦਾਸ਼ਤ ਕਰਨ ਦੀ ਹਾਲਤ ਵਿਚ ਨਹੀਂ ਹਾਂ।

ਸਰਕਾਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਯੁਗਾਂਡਾ ਵਿਚ ਐਤਵਾਰ ਨੂੰ ਟਿੱਡੀ ਦਲ ਦੇਖੇ ਜਾਣ ਤੋਂ ਬਾਅਦ ਸਰਕਾਰ ਨੇ ਇਕ ਐਮਰਜੰਸੀ ਬੈਠਕ ਬੁਲਾਈ ਤੇ ਇਸ ਵਿਚ ਜ਼ਮੀਨ 'ਤੇ ਕੀਟਨਾਸ਼ਕ ਦਾ ਛਿੜਕਾਅ ਕਰਨ ਦੇ ਲਈ ਫੌਜੀ ਬਲਾਂ ਦੀ ਤੇ ਆਸਮਾਨ ਤੋਂ ਕੀਟਨਾਸ਼ਕਾਂ ਦੇ ਛਿੜਕਾਅ ਲਈ ਦੋ ਜਹਾਜ਼ਾਂ ਦੀ ਮਦਦ ਲੈਣ ਦਾ ਫੈਸਲਾ ਲਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ ਕਿਉਂਕਿ ਮੀਂਹ ਤੋਂ ਬਾਅਦ ਟਿੱਡੀ ਦਲ ਦੀ ਗਿਣਤੀ ਵਧੇਗੀ ਤੇ ਇਸ ਦੇ ਨਾਲ ਹੀ ਉਹਨਾਂ ਦਾ ਖਾਣਾ ਬਨਸਪਤੀਆਂ ਵੀ ਵਧਣਗੀਆਂ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੇ ਸਫਾਏ ਦੇ ਲਈ ਤੁਰੰਤ ਕਦਮ ਨਹੀਂ ਚੁੱਕੇ ਗਏ ਤਾਂ ਖੁਸ਼ਕ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਹਨਾਂ ਦੀ ਗਿਣਤੀ 500 ਗੁਣਾ ਵਧ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਮੁਖੀ ਮਾਰਕ ਲੋਵਕੋਕ ਨੇ ਸੋਮਵਾਰ ਨੂੰ ਨਿਊਯਾਰਕ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਆਪਦਾ ਆਉਣ ਦਾ ਖਤਰਾ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਖੇਤਰ ਜਿਥੇ ਇਕ ਕਰੋੜ 20 ਲੱਖ ਲੋਕ ਪਹਿਲਾਂ ਹੀ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਹਨ ਉਥੇ ਅਸੀਂ ਦੂਜਾ ਝਟਕਾ ਸਹਿਣ ਕਰਨ ਦੀ ਹਾਲਤ ਵਿਚ ਨਹੀਂ ਹਾਂ।


author

Baljit Singh

Content Editor

Related News