ਜੰਗਲੀ ਜੀਵ ਸੈਂਚੂਰੀ ''ਚ ਸ਼ੇਰ ਰੱਖਣ ਸਬੰਧੀ ਨੇੜਲੇ ਲੋਕਾਂ ਨੇ ਜਤਾਈ ਚਿੰਤਾ

Wednesday, May 27, 2026 - 07:41 PM (IST)

ਜੰਗਲੀ ਜੀਵ ਸੈਂਚੂਰੀ ''ਚ ਸ਼ੇਰ ਰੱਖਣ ਸਬੰਧੀ ਨੇੜਲੇ ਲੋਕਾਂ ਨੇ ਜਤਾਈ ਚਿੰਤਾ

ਵੈਨਕੂਵਰ, (ਮਲਕੀਤ  ਸਿੰਘ)– ਕੈਨੇਡਾ ਦੇ ਓਨਟਾਰੀਓ ਸੂਬੇ ਦੇ ਪੈਰੀ ਸਾਊਂਡ ਇਲਾਕੇ ਨੇੜੇ ਸਥਿਤ ਇੱਕ ਜੰਗਲੀ ਜੀਵ ਸੈਂਚੁਰੀ ਵਿੱਚ ਵੱਡੇ ਵਿਦੇਸ਼ੀ ਜਾਨਵਰ ਰੱਖੇ ਜਾਣ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਸੈਂਚੂਰੀ ਪ੍ਰਬੰਧਕਾਂ ਵਿਚਕਾਰ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਐਸਪਨ ਵੈਲੀ ਵਾਇਲਡਲਾਈਫ ਸੈਂਚੂਰੀ ਨੇ ਪਿਛਲੇ ਸਾਲ ਕਿਊਬੈਕ ਦੇ ਇੱਕ ਚਿੜੀਆਘਰ ਤੋਂ ਬਚਾਏ ਗਏ ਅਫਰੀਕੀ ਸ਼ੇਰਾਂ ਨੂੰ 6 ਮਹੀਨੇ ਲਈ ਆਪਣੇ ਕੋਲ ਰੱਖਣ ਦਾ ਫੈਸਲਾ ਲਿਆ>

ਜਾਣਕਾਰੀ ਅਨੁਸਾਰ ਸੈਂਚੂਰੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ਼ੇਰਾਂ ਨੂੰ ਬਚਾਅ ਕਾਰਵਾਈ ਦੇ ਤਹਿਤ ਅਸਥਾਈ ਤੌਰ ’ਤੇ ਇੱਥੇ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਦੀ ਪੂਰੀ ਸੁਰੱਖਿਆ ਅਤੇ ਦੇਖਭਾਲ ਕੀਤੀ ਗਈ। ਦੂਜੇ ਪਾਸੇ ਨੇੜਲੇ ਇਲਾਕੇ ਦੇ ਵਸਨੀਕਾਂ ਨੇ ਇਸ ’ਤੇ ਚਿੰਤਾ ਜਤਾਈ ਹੈ ਕਿ ਰਿਹਾਇਸ਼ੀ ਇਲਾਕੇ ਦੇ ਕੋਲ ਇੰਨੇ ਵੱਡੇ ਅਤੇ ਖ਼ਤਰਨਾਕ ਜਾਨਵਰਾਂ ਦੀ ਮੌਜੂਦਗੀ ਡਰ ਦਾ ਕਾਰਨ ਬਣ ਸਕਦੀ ਹੈ।

ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੰਗਲਾਂ ਅਤੇ ਕਾਟੇਜਾਂ ਵਾਲੇ ਇਲਾਕੇ ਵਿੱਚ ਸ਼ੇਰਾਂ ਦੀ ਦਹਾੜ ਸੁਣਨਾ ਉਨ੍ਹਾਂ ਲਈ ਅਸਧਾਰਨ ਅਤੇ ਚਿੰਤਾਜਨਕ ਤਜਰਬਾ ਸੀ। ਹਾਲਾਂਕਿ ਸੈਂਚੂਰੀ ਵੱਲੋਂ ਕਿਹਾ ਗਿਆ ਹੈ ਕਿ ਜਾਨਵਰਾਂ ਨੂੰ ਮਜ਼ਬੂਤ ਘੇਰਾਬੰਦੀ ਵਾਲੇ ਸੁਰੱਖਿਅਤ ਪਿੰਜਰਿਆਂ ਵਿੱਚ ਰੱਖਿਆ ਗਿਆ ਸੀ ਅਤੇ ਆਮ ਲੋਕਾਂ ਲਈ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਸੀ।

ਇਸ ਮਾਮਲੇ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ, ਜਾਨਵਰਾਂ ਦੇ ਬਚਾਅ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਵਿਚਕਾਰ ਸੰਤੁਲਨ ਬਣਾਈ ਰੱਖਣ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਵੀ ਸਥਿਤੀ ’ਤੇ ਨਜ਼ਰ ਬਣਾਈ ਹੋਈ ਹੈ।


author

Rakesh

Content Editor

Related News